ਕਿਹਾ, ਹਿਮਾਚਲ ਸਰਕਾਰ ਦੋਸ਼ੀਆਂ ਵਿਰੁਧ ਕਾਰਵਾਈ ਯਕੀਨੀ ਬਣਾਏਗੀ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੂਬੇ ਦੇ ਚੰਬਾ ਜ਼ਿਲ੍ਹੇ ’ਚ ਇਕ ਪ੍ਰਵਾਸੀ ਭਾਰਤੀ ਜੋੜੇ ’ਤੇ ਹੋਏ ਕਥਿਤ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਮਾਮਲੇ ਦੀ ਵਿਸਥਾਰਤ ਜਾਂਚ ਦੇ ਹੁਕਮ ਦਿਤੇ ਹਨ। ਚੰਬਾ ਜ਼ਿਲ੍ਹੇ ਦੇ ਡਲਹੌਜ਼ੀ ਕਸਬੇ ’ਚ ਪਾਰਕਿੰਗ ਨੂੰ ਲੈ ਕੇ ਕੁੱਝ ਲੋਕਾਂ ਵਲੋਂ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਪੰਜਾਬ ਮੂਲ ਦੇ ਪ੍ਰਵਾਸੀ ਭਾਰਤੀ (ਐਨ.ਆਰ.ਆਈ.) ’ਤੇ ਕਥਿਤ ਹਮਲੇ ਦੇ ਸਬੰਧ ’ਚ ਪੰਜਾਬ ਪੁਲਿਸ ਨੇ ਐਤਵਾਰ ਨੂੰ ਜ਼ੀਰੋ ਐਫ.ਆਈ.ਆਰ. ਦਰਜ ਕੀਤੀ ਹੈ।
ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਸੁੱਖੂ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਵਿਸਥਾਰਤ ਜਾਂਚ ਕਰਨ ਦੇ ਹੁਕਮ ਦਿਤੇ। ਉਨ੍ਹਾਂ ਨੇ ਹਮਲਾਵਰਾਂ ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨ ਦੇ ਵੀ ਹੁਕਮ ਦਿਤੇ।
ਅੰਮ੍ਰਿਤਸਰ ਦੇ ਇਕ ਹਸਪਤਾਲ ’ਚ ਜ਼ੇਰੇ ਇਲਾਜ ਕੰਵਲਜੀਤ ਸਿੰਘ ਨੇ ਦਾਅਵਾ ਕੀਤਾ ਕਿ 11 ਜੂਨ ਦੇ ਹਮਲੇ ਦੌਰਾਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਪੰਜਾਬੀ ਸੀ। ਉਹ ਅਤੇ ਉਸ ਦੀ ਸਪੇਨ ਨਾਗਰਿਕ ਪਤਨੀ, ਜੋ 25 ਸਾਲਾਂ ਤੋਂ ਸਪੇਨ ’ਚ ਰਹਿ ਰਹੇ ਹਨ, ਹਾਲ ਹੀ ’ਚ ਪੰਜਾਬ ਪਰਤੇ ਸਨ ਅਤੇ ਕੁੱਝ ਦਿਨ ਪਹਿਲਾਂ ਡਲਹੌਜ਼ੀ ਦੇ ਖੱਜਰ ਗਏ ਸਨ।
ਸਰਕਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਪੁਲਿਸ ਅੰਮ੍ਰਿਤਸਰ ਥਾਣੇ ਤੋਂ ਵੇਰਵਿਆਂ ਅਤੇ ਸੰਚਾਰ ਦੀ ਉਡੀਕ ਕਰ ਰਹੀ ਹੈ ਅਤੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜ਼ੀਰੋ ਐਫ.ਆਈ.ਆਰ. ਕਿਸੇ ਵੀ ਥਾਣੇ ’ਚ ਦਰਜ ਕੀਤੀ ਜਾ ਸਕਦੀ ਹੈ, ਚਾਹੇ ਉਹ ਕਿਸੇ ਵੀ ਸਥਾਨ ਜਾਂ ਅਧਿਕਾਰ ਖੇਤਰ ’ਚ ਹੋਵੇ, ਅਤੇ ਬਾਅਦ ’ਚ ਉਚਿਤ ਥਾਣੇ ’ਚ ਤਬਦੀਲ ਕੀਤੀ ਜਾ ਸਕਦੀ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਥਾਣੇ ’ਚ ਦਰਜ ਕੀਤਾ ਗਿਆ ਹੈ।
ਸਰਕਾਰੀ ਬਿਆਨ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਲੋਕ ਅਪਣੀ ਸਾਦਗੀ ਅਤੇ ਚੰਗੇ ਵਿਵਹਾਰ ਲਈ ਜਾਣੇ ਜਾਂਦੇ ਹਨ। ਰਾਜ ਅਪਣੀ ਕੁਦਰਤੀ ਸੁੰਦਰਤਾ, ਅਮੀਰ ਸਭਿਆਚਾਰ ਅਤੇ ਸਾਹਸੀ ਅਤੇ ਧਾਰਮਕ ਸਥਾਨਾਂ ਲਈ ਵਿਸ਼ਵ ਭਰ ’ਚ ਪ੍ਰਸਿੱਧ ਹੈ। ਲੋਕ ਸੈਲਾਨੀਆਂ ਨੂੰ ‘ਅਥਿਥੀ ਦੇਵੋ ਭਵ’ ਵੀ ਮੰਨਦੇ ਹਨ ਅਤੇ ਇਹ ਇਕੱਲੀ ਘਟਨਾ ਰਾਜ ਨੂੰ ਚੰਗੀ ਤਰ੍ਹਾਂ ਨਹੀਂ ਦਰਸਾਉਂਦੀ, ਜੋ ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਹਮੇਸ਼ਾ ਸੁਰੱਖਿਅਤ ਰਿਹਾਇਸ਼ ਰਹੀ ਹੈ। ਕਥਿਤ ਘਟਨਾ 11 ਜੂਨ ਦੀ ਸਵੇਰ ਨੂੰ ਵਾਪਰੀ।
ਡਲਹੌਜ਼ੀ ’ਚ ਪੰਜਾਬੀਆਂ ’ਤੇ ਹਮਲਾ ਕੰਗਨਾ ਰਨੌਤ ਨੂੰ ਮਾਰੇ ਥੱਪੜ ਕਾਰਨ ਨਹੀਂ ਹੋਇਆ : ਹਿਮਾਚਲ ਪ੍ਰਦੇਸ਼ ਪੁਲਿਸ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ’ਚ ਪੰਜਾਬੀ ਐਨ.ਆਰ.ਆਈ. ਜੋੜੇ ’ਤੇ ਹਮਲੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿਚਕਾਰ ਇਸ ਘਟਨਾਕ੍ਰਮ ’ਚ ਇਕ ਨਵਾਂ ਮੋੜ ਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਸੂਬੇ ਦੀ ਪੁਲਿਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਇਸ ’ਤੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਅਪਣੀ ਸਫ਼ਾਈ ਦਿਤੀ ਹੈ। ਸੂਬਾ ਪੁਲਿਸ ਮੁੱਖ ਦਫ਼ਤਰ ਵਲੋਂ ਸੋਮਵਾਰ ਨੂੰ ਮੀਡੀਆ ’ਚ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਮਾਮਲੇ ’ਚ ਪੁਲਿਸ ਦੇ ਅਕਸ ’ਚ ਢਾਹ ਲਾਈ ਜਾ ਰਹੀ ਹੈ।
ਸੂਬੇ ਦੇ ਪੁਲਿਸ ਹੈੱਡਕੁਆਰਟਰ ਵਲੋਂ ਜਾਰੀ ਬਿਆਨ ਅਨੁਸਾਰ ਕੰਵਲਜੀਤ ਸਿੰਘ, ਉਸ ਦੀ ਸਪੇਨ ਦੀ ਪਤਨੀ ਅਤੇ ਉਸ ਦੇ ਭਰਾ ਜੀਵਨਜੀਤ ਸਿੰਘ ਖੱਜਰ ਗਏ ਸਨ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੰਵਲਜੀਤ ਸਿੰਘ ਅਤੇ ਉਸ ਦਾ ਭਰਾ ਔਰਤ ਸੈਲਾਨੀਆਂ ਅਤੇ ਸਥਾਨਕ ਲੋਕਾਂ ਦੀਆਂ ਹਥੇਲੀਆਂ ਪੜ੍ਹਨ ਦੇ ਬਹਾਨੇ ਉਨ੍ਹਾਂ ਦਾ ਹੱਥ ਜ਼ਬਰਦਸਤੀ ਫੜ ਰਹੇ ਸਨ।
ਇਸ ਨਾਲ ਐਨ.ਆਰ.ਆਈ. ਜੋੜੇ ਅਤੇ ਸੈਲਾਨੀਆਂ ਤੇ ਸਥਾਨਕ ਲੋਕਾਂ ਵਿਚਕਾਰ ਝਗੜਾ ਹੋ ਗਿਆ। ਪੁਲਿਸ ਨੇ ਦਖਲ ਦਿਤਾ ਅਤੇ ਕੰਵਲਜੀਤ ਸਿੰਘ, ਉਸ ਦੀ ਪਤਨੀ ਅਤੇ ਉਸ ਦੇ ਭਰਾ ਨੂੰ ਸੁਲਤਾਨਪੁਰ ਪੁਲਿਸ ਚੌਕੀ ਲਿਆਂਦਾ। ਉਨ੍ਹਾਂ ਨੇ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਡਾਕਟਰੀ ਜਾਂਚ ਨਹੀਂ ਕਰਵਾਈ। ਪੁਲਿਸ ਨੇ ਦਸਿਆ ਕਿ ਉਨ੍ਹਾਂ ਦਾ ਬਿਆਨ ਦਰਜ ਕੀਤਾ ਗਿਆ, ਜਿਸ ’ਚ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਨ ਤੋਂ ਸਾਫ਼ ਇਨਕਾਰ ਕਰ ਦਿਤਾ।
ਪੁਲਿਸ ਨੇ ਚੰਡੀਗੜ੍ਹ ਪੁਲਿਸ ਦੇ ਏ.ਐਸ.ਆਈ. ਦੇ ਖੱਜਰ ’ਚ ਘੁੰਮਣ ਦੌਰਾਨ ਹੋਈ ਬਹਿਸ ’ਤੇ ਵੀ ਸਪੱਸ਼ਟੀਕਰਨ ਦਿਤਾ ਗਿਆ ਹੈ। ਪੁਲਿਸ ਮੁਤਾਬਕ ਏ.ਐਸ.ਆਈ. ਪਰਮਜੀਤ ਸਿੰਘ ਬੀਤੀ 9 ਜੂਨ ਨੂੰ ਖੱਜਰ ’ਚ ਘੁੰਮਣ ਆਏ ਸਨ। ਪਰਮਜੀਤ ਸਿੰਘ ਨੇ ਅਪਣੀ ਗੱਡੀ ਸੜਕ ਦੇ ਵਿਚਕਾਰ ਪਾਰਕ ਕਰ ਦਿਤੀ ਸੀ, ਜਿਸ ਕਾਰਨ ਆਵਜਾਈ ’ਚ ਰੁਕਾਵਟ ਪਈ। ਪੁਲਿਸ ਅਨੁਸਾਰ ਜਦੋਂ ਖੱਜਰ ਪੁਲਿਸ ਚੌਕੀ ਦੇ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਪਾਰਕ ਗੱਡੀ ਹਟਾਉਣ ਲਈ ਕਿਹਾ ਤਾਂ ਏ.ਐਸ.ਆਈ. ਨਾਰਾਜ਼ ਹੋ ਗਿਆ ਅਤੇ ਬਹਿਸ ਕਰਨ ਲੱਗਾ। ਪੁਲਿਸ ਮੁਤਾਬਕ ਇਸ ਬਾਰੇ ਜਾਂਚ ਐਸ.ਐਚ.ਓ. ਪੁਲਿਸ ਥਾਣਾ ਸਦਰ ਚੰਬਾ ਜ਼ਰੀਏ ਕੀਤੀ ਗਈ। ਜਾਂਚ ਤੋਂ ਪੁਲਿਸ ਮੁਲਾਜ਼ਮਾਂ ਵਿਰੁਧ ਲਾਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠੇ ਮਿਲੇ ਹਨ।
ਹਿਮਾਚਲ ਪੁਲਿਸ ਨੇ ਬਿਆਨ ਜ਼ਰੀਏ ਸਪੱਸ਼ਟ ਕੀਤਾ ਕਿ ਇਸ ਘਟਨਾ ਦਾ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦੀ ਇਕ ਮਹਿਲਾ ਕਾਂਸਟੇਬਲ ਵਲੋਂ ਕਥਿਤ ਤੌਰ ’ਤੇ ਥੱਪੜ ਮਾਰਨ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਿਮਾਚਲ ਪ੍ਰਦੇਸ਼ ਸ਼ਾਂਤਮਈ ਸੂਬਾ ਹੈ। ਖ਼ਾਸ ਤੌਰ ’ਤੇ ਗਰਮੀਆਂ ਅਤੇ ਸਰਦੀਆਂ ਦੇ ਮੌਸਮ ’ਚ ਪੂਰੇ ਦੇਸ਼ ਤੋਂ ਵਿਦੇਸ਼ੀ ਸੈਲਾਨੀ ਇਥੇ ਆਉਂਦੇ ਹਨ। ਸੂਬਾ ਪੁਲਿਸ ਸੈਲਾਨੀਆਂ ਦਾ ਦਿਲੋਂ ਸਵਾਗਤ ਕਰਦੀ ਹੈ ਅਤੇ ਉਨ੍ਹਾਂ ਦੀ ਸੁਰਖਿਆ ਲਈ ਸਦਾ ਤਤਪਰ ਰਹਿੰਦੀ ਹੈ।