ਟਵਿੰਕਲ ਰੰਧਾਵਾ ਵਾਸੀ ਪਿੰਡ ਖੋਲੇ, ਦਸੂਹਾ ਵਜੋਂ ਹੋਈ ਪਛਾਣ
ਵਿਦੇਸ਼ 'ਚੋਂ ਹਰ ਰੋਜ਼ ਮੰਦਭਾਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਕਸਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿਚ ਰੋਜ਼ੀ ਰੋਟੀ ਕਮਾਉਣ ਗਏ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਅਜਿਹੀ ਹੀ ਮੰਦਭਾਗੀ ਖ਼ਬਰ ਇਟਲੀ ਤੋਂ ਸਾਹਮਣੇ ਆਈ ਹੈ, ਜਿਥੇ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਾਤ ਵਿੱਚ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਟਵਿੰਕਲ ਰੰਧਾਵਾ (24) ਪੁੱਤਰ ਜਗੀਰ ਸਿੰਘ ਵਾਸੀ ਪਿੰਡ ਖੋਲੇ, ਤਹਿਸੀਲ ਦਸੂਹਾ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਕਰੀਬ ਛੇ ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਬਿਹਤਰ ਭਵਿੱਖ ਦੀ ਆਸ ਵਿੱਚ ਇਟਲੀ ਗਿਆ ਸੀ। ਉਹ ਇਟਲੀ ਦੇ ਸ਼ਹਿਰ ਲਵੀਨੀਆ ਅੰਸੋ ਵਿੱਚ ਕੰਮ ਕਰਦਾ ਸੀ ਅਤੇ ਉੱਥੇ ਦੋ ਹੋਰ ਪੰਜਾਬੀ ਨੌਜਵਾਨਾਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਪੀੜਤ ਪਰਿਵਾਰ ਦੇ ਨਜ਼ਦੀਕੀ ਬਲਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ 16 ਜਨਵਰੀ ਨੂੰ ਇਟਲੀ ਤੋਂ ਪਰਿਵਾਰ ਨੂੰ ਫੋਨ ਆਇਆ ਜਿਸ ਵਿੱਚ ਟਵਿੰਕਲ ਦੀ ਭੇਤਭਰੀ ਹਾਲਾਤ ਵਿੱਚ ਮੌਤ ਹੋਣ ਬਾਰੇ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਟਲੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਟਵਿੰਕਲ ਨਾਲ ਰਹਿ ਰਹੇ ਨੌਜਵਾਨਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਟਲੀ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਮੌਤ ਦੇ ਅਸਲ ਕਾਰਨਾਂ ਦੀ ਪੂਰੀ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਟਵਿੰਕਲ ਰੰਧਾਵਾ ਦੀ ਲਾਸ਼ ਜਲਦੀ ਭਾਰਤ ਲਿਆਉਣ ਦੀ ਮੰਗ ਵੀ ਕੀਤੀ।
