
ਸੰਤ, ਕੁਈਨ,ਪ੍ਰਿੰਸ , ਜਸਟਿਸ, ਮੇਜਰ, ਮਾਸਟਰ ਆਦਿ ਨਾਵਾਂ ਦੀ ਹੈ ਮਨਾਹੀ
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਕਹਿੰਦੇ ਨੇ ਵਿਅਕਤੀ ਦਾ ਨਾਂਅ ਉਸ ਦੀ ਸ਼ਖ਼ਸੀਅਤ ਅਤੇ ਨਿਜਤਾ ਵਿਚ ਤਾਕਤਵਾਰ ਕੜੀ ਦਾ ਕੰਮ ਕਰਦਾ ਹੈ। ਜਦੋਂ ਕੋਈ ਤੁਹਾਡੇ ਨਾਲ ਮਿਲਣੀ ਤੋਂ ਬਾਅਦ ਤੁਹਾਨੂੰ ਤੁਹਾਡੇ ਨਾਂਅ ਤੋਂ ਜਾਂ ਆਖ਼ਰੀ ਨਾਂਅ ਤੋਂ ਜਾਣਨ ਲੱਗ ਜਾਵੇ ਤਾਂ ਇਹ ਇਕ ਬਹੁਤ ਮਹੱਤਵਪੂਰਨ ਅਤੇ ਇੱਜ਼ਤ ਵਾਲੀ ਗੱਲ ਹੁੰਦੀ ਹੈ। ਇਹ ਸਿੱਖਾਂ ਲਈ ਉਦੋਂ ਹੋਰ ਵੀ ਮਹੱਤਵਪੂਰਣ ਗੱਲ ਹੋ ਜਾਂਦੀ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ 1699 ਵਿਚ ਦਿਤਾ ਗਿਆ ਨਾਂ ‘ਸਿੰਘ’ ਕਿਸੇ ਦੀ ਯਾਦ ਵਿਚ ਰਹਿ ਜਾਂਦਾ ਹੈ ਅਤੇ ਲੋਕ ਮਿਸਟਰ ‘ਸਿੰਘ’ ਕਰ ਕੇ ਯਾਦ ਕਰਦੇ ਹਨ।
Sikh
ਨਿਊਜ਼ੀਲੈਂਡ ਵਸਦੇ ਸਿੱਖਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੋਵੇਗੀ ਕਿ ਇਥੇ ਸਾਲ 2020 ਵਿਚ ਪੈਦਾ ਹੋਏ ਬੱਚਿਆਂ ਦੇ ਨਾਵਾਂ ਦੀ ਰਜਿਸਟ੍ਰੇਸ਼ਨ ਬਾਅਦ ਸਾਹਮਣੇ ਆਇਆ ਹੈ ਕਿ ਜੋ ਸਾਰਿਆਂ ਤੋਂ ਵੱਧ ਨਾਂ ਬੱਚਿਆਂ ਦਾ ਰਖਿਆ ਗਿਆ ਉਹ ਹੈ ‘ਸਿੰਘ’। ਸਾਲ 2020 ’ਚ 58,500 ਦੇ ਕਰੀਬ ਬੱਚੇ ਪੈਦਾ ਹੋਏ ਜਿਨ੍ਹਾਂ ਵਿਚੋਂ 26,549 ਬੱਚਿਆਂ ਦੇ ਨਾਂ ਦੇ ਪਿੱਛੇ ਪਰਵਾਰਕ ਨਾਂ ਜਾਂ ਆਖ਼ਰੀ ਨਾਂ ਵਜੋਂ ਲਿਖਵਾ ਕੇ ਰਜਿਟ੍ਰੇਸ਼ਨ ਕਰਵਾਈ ਗਈ। ਇਨ੍ਹਾਂ ਵਿਚੋਂ 398 ਬੱਚਿਆਂ ਦੇ ਨਾਂ ਪਿੱਛੇ ‘ਸਿੰਘ’ ਸ਼ਬਦ ਲਿਖਵਾਇਆ ਗਿਆ ਜੋ ਕਿ ਨਿਊਜ਼ੀਲੈਂਡ ’ਚ ਸੱਭ ਤੋਂ ਜ਼ਿਆਦਾ ਗਿਣਤੀ ਵਿਚ ਰਿਹਾ।
Sikh Boy
ਇਸ ਤੋਂ ਬਾਅਦ ਦੂਜੇ ਨੰਬਰ ਉਤੇ ‘ਸਮਿੱਥ’ ਨਾਂ ਰਿਹਾ ਜਿਸ ਦੇ ਨਾਂ ਨਾਲ 319 ਬੱਚੇ ਰਜਿਟਰਡ ਹੋਏ। ਤੀਜੇ ਨੰਬਰ ਉਤੇ ਬੱਚਿਆਂ ਦੇ ਨਾਂ ਪਿੱਛੇ ‘ਕੌਰ’ ਸ਼ਬਦ ਆਇਆ ਜਿਨ੍ਹਾਂ ਦੀ ਗਿਣਤੀ 274 ਰਹੀ। ਨਾਵਾਂ ਦੇ ਪਿੱਛੇ ‘ਪਟੇਲ’ ਸ਼ਬਦ ਚੌਥੇ ਨੰਬਰ ਉਤੇ ਆਇਆ। ਭਾਰਤੀ ਬੱਚਿਆਂ ਦੀ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ ਪਰ ਨਾਵਾਂ ਦੇ ਹਿਸਾਬ ਨਾਲ ਇਹ ਤਿੰਨ ਨਾਂ ਟਾਪ-10 ਵਿਚ ਆਏ ਹਨ।
Sikh
‘ਸਿੰਘ’ ਨਾਂ ਜ਼ਿਆਦਾਤਰ ਆਕਲੈਂਡ ਅਤੇ ਬੇਅ ਆਫ਼ ਪਲੈਂਟੀ ’ਚ ਰਖਿਆ ਗਿਆ ਅਤੇ ਪਟੇਲ ਨਾਂ ਵਲਿੰਗਟਨ ਵਿਚ। ਏਥਨਿਕ ਦਫ਼ਤਰ ਤੋਂ ਇਸ ਸਬੰਧੀ ਖ਼ੁਸ਼ੀ ਪ੍ਰਗਟ ਕਰਦਿਆਂ ਆਖਿਆ ਗਿਆ ਹੈ ਕਿ ਨਿਊਜ਼ੀਲੈਂਡ ਬਹੁ-ਕੌਮੀਅਤ ਵਾਲਾ ਦੇਸ਼ ਹੈ ਅਤੇ ਇਹ ਖ਼ੁਸ਼ੀ ਭਰੀ ਖ਼ਬਰ ਹੈ ਕਿ ਇਹ ਦੇਸ਼ ਬਹੁ ਸਭਿਆਚਾਰ ਦੇ ਨਾਲ ਅਮੀਰ ਹੋ ਰਿਹਾ ਹੈ, ਨਵੀਨਤਾ ਆ ਰਹੀ ਹੈ ਅਤੇ ਲੋਕ ਇਕ ਦੂਜੇ ਨਾਲ ਜੁੜ ਰਹੇ ਹਨ।
Sikh Boy
ਸਾਲ 2020 ਦੇ ਵਿਚ 44 ਨਾਵਾਂ ਦੀ ਰਜਿਟ੍ਰੇਸ਼ਨ ਵਾਸਤੇ ਨਾਂਹ ਕੀਤੀ ਗਈ ਜਿਨ੍ਹਾਂ ਵਿਚ 34 ਨਾਂਅ ਵਿਅਕਤੀਗਤ ਸ਼ਬਦ ਵਾਲੇ ਸਨ। ਜਿਵੇਂ ਬਿਸ਼ਪ, ਕੈਯਸ ਮੇਜਰ, ਕਮੋਡੋਰ, ਕਾਂਸਟੇਬਲ, ਡਿਊਕਸ, ਜਸਟਿਸ, ਕਿੰਗ, ਮਜੈਸਟੀ ਫੇਥ, ਮੇਜਰ, ਮਾਸਟਰ, ਪ੍ਰਿੰਸ , ਮਾਈ ਆਨਰ, ਸੇਂਟ, ਕੂਈਨ ਤੇ ਰਾਇਲ ਆਦਿ।