
ਹਰਿਆਣਾ ਦੇ ਨੂਹ 'ਚ ਵਾਪਰੀ ਵਾਰਦਾਤ
ਇਸ ਸਾਲ ਹੀ ਹੋਣਾ ਸੀ ਮਰਹੂਮ DSP ਨੇ ਸੇਵਾਮੁਕਤ
ਨੂਹ : ਹਰਿਆਣਾ ’ਚ ਭੂ-ਮਾਫੀਆ ਨੂੰ ਰੋਕਣ ਗਏ DSP ਨਾਲ ਵੱਡੀ ਵਾਰਦਾਤ ਵਾਪਰੀ ਹੈ। ਨੂਹ ਵਿਚ ਨਾਜਾਇਜ਼ ਮਾਈਨਿੰਗ ਰੋਕਣ ਗਏ DSP ਸੁਰਿੰਦਰ ਸਿੰਘ 'ਤੇ ਮਾਈਨਿੰਗ ਕਰਿੰਦਿਆਂ ਨੇ ਡੰਪਰ ਚੜ੍ਹਾ ਦਿਤਾ।
photo
ਇਸ ਵਿਚ DSP ਦੀ ਮੌਕੇ 'ਤੇ ਹੀ ਮੌਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡੀ.ਐੱਸ.ਪੀ. ਸੁਰਿੰਦਰ ਸਿੰਘ ਤਾਵੜੂ ’ਚ ਤਾਇਨਾਤ ਸਨ। ਉਹ ਤਾਵੜੂ ਦੀ ਪਹਾੜੀ ’ਚ ਨਾਜਾਇਜ਼ ਮਾਈਨਿੰਗ ਦੀ ਸੂਚਨਾ ਮਿਲਣ 'ਤੇ ਉਥੇ ਛਾਪਾ ਮਾਰਨ ਗਏ ਸਨ। ਡੀ.ਐੱਸ.ਪੀ. ਗੱਡੀ ਦੇ ਨੇੜੇ ਖੜ੍ਹੇ ਸਨ, ਇਸੇ ਦੌਰਾਨ ਇਕ ਡੰਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਬਾਰੇ ਹਰਿਆਣਾ ਪੁਲਿਸ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ।
DSP Surender Singh
ਦੱਸ ਦੇਈਏ ਕਿ ਅੱਜ ਦੁਪਹਿਰ 12.15 ਵਜੇ ਵਾਪਰੀ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਭਾਰੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਤਾਵੜੂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੰਜਗਾਓਂ ਦੀਆਂ ਪਹਾੜੀਆਂ 'ਚ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਡੀਐਸਪੀ ਸੁਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਛਾਪੇਮਾਰੀ ਕਰਨ ਪਹਾੜੀ ’ਤੇ ਪੁੱਜੇ।
ਉਨ੍ਹਾਂ ਮਾਈਨਿੰਗ ਮਾਫੀਆ ਨੂੰ ਮੌਕੇ 'ਤੇ ਹੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੱਥਰਾਂ ਨਾਲ ਭਰਿਆ ਡੰਪਰ ਨਾਲ ਡੀ.ਐਸ.ਪੀ. ਡੀਐਸਪੀ ਸੁਰਿੰਦਰ ਸਿੰਘ ਨੂੰ ਟੱਕਰ ਮਾਰ ਦਿਤੀ। ਡੰਪਰ ਦੀ ਲਪੇਟ 'ਚ ਆਉਣ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਡੰਪਰ ਉਨ੍ਹਾਂ ਦੇ ਉੱਪਰ ਜਾ ਚੜ੍ਹਿਆ।ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਸੁਰਿੰਦਰ ਸਿੰਘ ਹਿਸਾਰ ਜ਼ਿਲ੍ਹੇ ਦੇ ਆਦਮਪੁਰ ਇਲਾਕੇ ਦੇ ਪਿੰਡ ਸਾਰੰਗਪੁਰ ਦੇ ਰਹਿਣ ਵਾਲੇ ਸਨ। ਉਹ 12 ਅਪਰੈਲ 1994 ਨੂੰ ਹਰਿਆਣਾ ਪੁਲਿਸ ਵਿੱਚ ਏਐਸਆਈ ਦੇ ਅਹੁਦੇ ’ਤੇ ਭਰਤੀ ਹੋਏ ਸਨ। ਉਨ੍ਹਾਂ ਨੇ 31 ਅਕਤੂਬਰ ਨੂੰ ਪੁਲਿਸ ਤੋਂ ਸੇਵਾਮੁਕਤ ਹੋਣਾ ਸੀ।
Anil Vij
ਗ੍ਰਹਿ ਮੰਤਰੀ ਅਨਿਲ ਵਿਜ ਨੇ ਨੂਹ 'ਚ ਡੀਐਸਪੀ ਸੁਰਿੰਦਰ ਸਿੰਘ ਦੇ ਕਤਲ ਮਾਮਲੇ 'ਚ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੈਂ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਸਾਡੇ ਕੋਲ ਜਿੰਨੀ ਵੀ ਤਾਕਤ ਹੋਵੇਗੀ ਅਸੀਂ ਵਰਤਾਂਗੇ ਪਰ ਮਾਈਨਿੰਗ ਮਾਫ਼ੀਆ ਨੂੰ ਨਹੀਂ ਬਖਸ਼ਾਂਗੇ। ਮਾਈਨਿੰਗ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਕਿੱਥੇ ਮਾਈਨਿੰਗ ਹੋ ਰਹੀ ਹੈ, ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ। ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।