
ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਿਤ ਹਨ ਨੌਜਵਾਨ, ਨੌਜਵਾਨਾਂ ਨੇ ਸਰਕਾਰ ਤੋਂ ਵਤਨ ਵਾਪਸੀ ਦੀ ਲਗਾਈ ਗੁਹਾਰ
7 Punjabi youth stranded in Tajikistan in search of employment: ਅੱਜ ਦੇ ਜ਼ਮਾਨੇ ਵਿਚ ਹਰ ਕੋਈ ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦਾ ਪਰ ਬਾਹਰ ਜਾ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਵੀ ਹਰ ਕਿਸੇ ਨੂੰ ਰਾਸ ਨਹੀਂ ਆਉਂਦਾ। ਕਈ ਏਜੰਟ ਨੌਜਵਾਨਾਂ ਤੋਂ ਲੱਖਾਂ ਰੁਪਏ ਠੱਗ ਲੈਂਦੇ ਹਨ ਤੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਠੋਕਰਾਂ ਖਾਣ ਲ਼ਈ ਛੱਡ ਦਿੰਦੇ। ਅਜਿਹਾ ਹੀ ਇਕ ਹੋਰ ਮਾਮਲਾ ਨੂਰਪੁਰ ਬੇਦੀ ਦੇ ਪਿੰਡ ਬੈਂਸ ਸਮੇਤ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਪਿੰਡਾਂ ਨਾਲ ਜੁੜਿਆ ਹੈ, ਜਿਥੇ ਪਿੰਡ ਬੈਂਸ ਦੇ ਨੌਜਵਾਨ ਹਰਵਿੰਦਰ ਸਿੰਘ ਸਮੇਤ ਕੁੱਲ ਸੱਤ ਨੌਜਵਾਨ ਜਿਨ੍ਹਾਂ ਵਿਚ ਮਨਜੀਤ ਸਿੰਘ ਘਨੌਲੀ, ਅਮਰਜੀਤ ਸਿੰਘ ਪਿੰਡ ਬ੍ਰਹਮਪੁਰ, ਹਰਦੀਪ ਸਿੰਘ ਪਿੰਡ ਪੱਤੀ, ਹਰਵਿੰਦਰ ਸਿੰਘ ਪਿੰਡ ਮੌੜਾ, ਅਵਤਾਰ ਸਿੰਘ ਪਿੰਡ ਢੇਰ ਤੇ ਗੁਰਪ੍ਰੀਤ ਸਿੰਘ ਨੂੰ ਤਜਾਕਿਸਤਾਨ ਵਿਚ ਧੋਖੇ ਨਾਲ ਫਸਾ ਦਿੱਤਾ ਗਿਆ ਹੈ।
ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ, ਕਿ ਉਨਾਂ ਨੂੰ ਨੰਗਲ ਦੇ ਇਕ ਏਜੰਟ ਨੇ ਡਰਾਈਵਰੀ ਦੀ ਨੌਕਰੀ ਦੇ ਨਾਂਅ 'ਤੇ ਵਿਦੇਸ਼ ਭੇਜਿਆ ਸੀ ਪਰ ਜਦੋਂ ਉਹ ਤਜਾਕਿਸਤਾਨ ਪਹੁੰਚੇ ਤਾਂ ਹਕੀਕਤ ਬਿਲਕੁਲ ਉਲਟ ਨਿਕਲੀ। ਹਰਵਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਥੇ ਪਹੁੰਚਣ ਤੋਂ ਬਾਅਦ ਉਨਾਂ ਤੋਂ ਜ਼ਬਰਦਸਤੀ ਮਜ਼ਦੂਰੀ ਕਰਵਾਈ ਜਾ ਰਹੀ ਹੈ।
ਨੌਜਵਾਨਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਗਏ ਹਨ, ਜਿਸ ਕਾਰਨ ਉਹ ਵਾਪਸ ਨਹੀਂ ਆ ਸਕਦੇ। ਨੌਜਵਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਉਨ੍ਹਾਂ ਦੀ ਭਾਰਤ ਵਾਪਸੀ ਲਈ ਗੁਹਾਰ ਲਗਾਈ ਹੈ। ਉਨਾਂ ਇਹ ਵੀ ਮੰਗ ਕੀਤੀ ਹੈ ਕਿ ਨੰਗਲ ਦੇ ਉਕਤ ਏਜੰਟ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਦੇ ਲਏ ਪੈਸੇ ਵਾਪਸ ਦਿਵਾਏ ਜਾਣ। ਪਰਿਵਾਰਾਂ ਦਾ ਕਹਿਣਾ ਹੈ ਕਿ ਉਨਾਂ ਨੇ ਆਪਣੀ ਜਾਇਦਾਦ ਵੇਚ ਕੇ ਜਾਂ ਕਰਜ਼ਾ ਲੈ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਿਆ ਸੀ।