
ਡਾ. ਨਵਨੀਤ ਕੌਰ ਨੇ ਸਿੱਖ ਕੌਮ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ
ਸ਼ੇਰਪੁਰ (ਬਲਜੀਤ ਸਿੰਘ ਟਿਬਾ): ਅਮਰੀਕਾ ਦੀ ਸਟੈਨਫ਼ੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਦੇ ਹਾਲੀਆ ਵਿਸ਼ੇਵਾਰ ਮੁਲੰਕਣ ਵਿਚ ਦੁਨੀਆਂ ਭਰ ਦੇ ਚੋਟੀ ਦੇ ਦੋ ਫ਼ੀ ਸਦੀ ਵਿਗਿਆਨੀਆਂ ਵਿਚ ਸ਼ੇਰਪੁਰ ਇਲਾਕੇ ਦੀ ਧੀ ਡਾ. ਨਵਜੀਤ ਕੌਰ ਦਾ ਨਾਂ ਵੀ ਸ਼ਾਮਲ ਹੈ ਜਿਸ ਨੇ ਛੋਟੀ ਉਮਰ ਵਿਚ ਵਿਗਿਆਨਕ ਖੋਜ ਕਾਰਜਾਂ ਵਿਚ ਨਿਪੁੰਨਤਾ ਹਾਸਲ ਕਰ ਕੇ ਅਪਣੇ ਇਲਾਕੇ, ਸਮੁੱਚੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
Dr. Navjit Kaur
ਸ਼ੇਰਪੁਰ ਦੇ ਨਜ਼ਦੀਕ ਵਸਦੇ ਨਿੱਕੇ ਜਿਹੇ ਪਿੰਡ ਭਗਵਾਨਪੁਰਾ ਦੀ ਇਹ ਧੀ ਇਸ ਵੇਲੇ ਰਾਜਸਥਾਨ ਦੀ ਬਨਸਥਲੀ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫ਼ੈਸਰ ਦੀਆਂ ਸੇਵਾਵਾਂ ਨਿਭਾ ਰਹੀ ਹੈ। ਡਾ. ਕੌਰ ਹੁਣ ਤਕ ਕੈਮਿਸਟਰੀ ਵਿਸ਼ੇ ਵਿਚ 150 ਤੋਂ ਵੱਧ ਖੋਜ ਪੱਤਰ ਅਤੇ ਤਿੰਨ ਕਿਤਾਬਾਂ ਲਿਖ ਚੁੱਕੀ ਹੈ। ਉਸ ਨੂੰ 2011 ਵਿਚ ਪ੍ਰੋਫ਼ੈਸਰ ਜੀ ਐਲ ਤਲੇਸਰਾ ਅਵਾਰਡ ਨਾਲ ਵੀ ਨਵਾਜਿਆ ਗਿਆ।
Banasthali University
ਡਾ. ਨਵਜੀਤ ਕੌਰ 40 ਤੋਂ ਵੱਧ ਕਾਨਫ਼ਰੰਸਾਂ, ਸੈਮੀਨਾਰਾਂ, ਵਰਕਸ਼ਾਪਾਂ ਵਿਚ ਭਾਗ ਲੈਣ ਤੋਂ ਇਲਾਵਾ ਐਨ ਐਸ ਐਸ ਦੀ ਪ੍ਰੋਗਰਾਮ ਆਫ਼ੀਸਰ ਅਤੇ ਉੱਨਤ ਭਾਰਤ ਅਭਿਆਨ ਦੇ ਮੈਂਬਰ ਵਜੋਂ ਵੀ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਕਈ ਰੇਡੀਓ ਵਾਰਤਾਲਾਪਾਂ ਅਤੇ ਸੱਦਾ ਭਾਸ਼ਣਾਂ ਦਾ ਹਿੱਸਾ ਬਣ ਚੁੱਕੀ ਹੈ।
Scientist
ਉਸ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਦੋ ਸਾਲ ਦਾ ਸਿੱਖ ਮਿਸ਼ਨਰੀ ਕੋਰਸ ਕਰ ਕੇ ਇਹ ਵੀ ਦਸ ਦਿਤਾ ਹੈ ਕਿ ਉਹ ਨੈਤਿਕ ਕਦਰਾਂ ਕੀਮਤਾਂ ਨੂੰ ਵੀ ਪ੍ਰਣਾਈ ਹੋਈ ਹੈ। ਅੱਜ ਕਲ ਡਾ. ਕੌਰ ਦੀ ਅਗਵਾਈ ਹੇਠ ਪੰਜ ਵਿਦਿਆਰਥੀ ਕੈਮਿਸਟਰੀ ਦੀ ਪੀ ਐਚ ਡੀ (ਡਾਕਟਰੇਟ) ਕਰ ਰਹੇ ਹਨ। ਉਸ ਨੇ 2008 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ ਐਸ ਸੀ ਮੈਡੀਕਲ ਦੀ ਡਿਗਰੀ ਕਰਨ ਉਪਰੰਤ ਸੰਨ 2010 ਵਿਚ ਕੈਮਿਸਟਰੀ ਵਿਸ਼ੇ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ 2014 ਵਿਚ ਬਨਸਥਲੀ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਧਰਮ ਕਿਸ਼ੋਰ ਦੀ ਅਗਵਾਈ ਹੇਠ ਅਪਣੀ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕੀਤੀ।
Vijay Inder Singla
ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ, ਵਿਧਾਇਕ ਦਲਵੀਰ ਸਿੰਘ ਗੋਲਡੀ, ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਕਲਾਂ, ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਚਮਕੌਰ ਸਿੰਘ ਕੁੰਭੜਵਾਲ, ਕਾਂਗਰਸ ਪਾਰਟੀ ਦੇ ਇਲਾਕੇ ਦੇ ਮੁੱਖ ਬੁਲਾਰੇ ਜਗਰੂਪ ਸਿੰਘ ਮਾਹਮਦਪੁਰ, ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਕਾਲਾਬੂਲਾ, ਬਾਬਾ ਰਾਜਵਰਿੰਦਰ ਸਿੰਘ ਟਿੱਬਾ, ਸਾਬਕਾ ਸਰਪੰਚ ਜਸਮੇਲ ਸਿੰਘ ਬੜੀ, ਸਰਪੰਚ ਰਣਜੀਤ ਸਿੰਘ ਸ਼ੇਰਪੁਰ ਆਦਿ ਆਗੂਆਂ ਨੇ ਸ਼ੇਰਪੁਰ ਇਲਾਕੇ ਦੇ ਪਿੰਡ ਭਗਵਾਨਪੁਰਾ ਦੀ ਇਸ ਧੀ ਡਾ. ਨਵਜੀਤ ਕੌਰ ਨੂੰ ਦੁਨੀਆਂ ਭਰ ਦੇ ਚੋਟੀ ਦੇ ਦੋ ਫ਼ੀ ਸਦੀ ਵਿਗਿਆਨੀਆਂ ਦੀ ਸੂਚੀ ਵਿਚ ਅਪਣਾ ਨਾਂ ਸ਼ਾਮਲ ਕਰਨ ਉਤੇ ਵਧਾਈ ਦਿਤੀ।