
6 ਸਾਲ ਪਹਿਲਾਂ ਗਿਆ ਸੀ ਵਿਦੇਸ਼
Punjab News: ਮਾਛੀਵਾੜਾ ਸਾਹਿਬ : ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਸਹਿਜੋ ਮਾਜਰਾ ਦੇ ਨਿਵਾਸੀ ਕੇਹਰ ਸਿੰਘ (43) ਦੀ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕੇਹਰ ਸਿੰਘ ਕਰੀਬ 6 ਸਾਲ ਪਹਿਲਾਂ ਕਰਜ਼ਾ ਚੁੱਕ ਕੇ ਅਮਰੀਕਾ ਵਿਖੇ ਆਪਣੇ ਅਤੇ ਪਰਿਵਾਰ ਦੇ ਭਵਿੱਖ ਲਈ ਵਿਦੇਸ਼ ਗਿਆ ਸੀ ਪਰ ਉੱਥੇ ਸ਼ਨੀਵਾਰ ਦੀ ਰਾਤ ਨੂੰ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੇਹਰ ਸਿੰਘ ਅਮਰੀਕਾ ਦੇ ਕੈਲੀਫੋਰਨੀਆ, ਸਾਊਥ ਲੇਕ ਤਾਹੋਏ ਵਿਖੇ ਰਹਿੰਦਾ ਸੀ ਅਤੇ ਉੱਥੇ ਇਕ ਰੈਸਟੋਰੈਂਟ ਵਿਚ ਕੰਮ ਕਰਦਾ ਸੀ।
ਬੀਤੇ ਸ਼ਨੀਵਾਰ ਜਦੋਂ ਉਹ ਕੰਮ ’ਤੇ ਨਾ ਆਇਆ ਤਾਂ ਉਸ ਦੇ ਸਾਥੀਆਂ ਨੇ ਘਰ ਆ ਕੇ ਦੇਖਿਆ ਤਾਂ ਉਹ ਮ੍ਰਿਤਕ ਹਾਲਤ ਵਿਚ ਪਿਆ ਸੀ ਅਤੇ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਮ੍ਰਿਤਕ ਕੇਹਰ ਸਿੰਘ ਦੀ ਪਤਨੀ ਤੇ ਉਸ ਦੇ 2 ਛੋਟੇ-ਛੋਟੇ ਬੱਚੇ ਪਿੰਡ ਸਹਿਜੋ ਮਾਜਰਾ ਵਿਖੇ ਹੀ ਰਹਿੰਦੇ ਹਨ ਅਤੇ ਉਸ ਦਾ ਪਿਤਾ ਸੁੱਚਾ ਸਿੰਘ ਇਕ ਕਿਸਾਨ ਹੈ। ਪਿੰਡ ਵਿਚ ਸੋਗ ਦੀ ਲਹਿਰ ਛਾ ਗਈ। ਅਮਰੀਕਾ ਵਿਖੇ ਮ੍ਰਿਤਕ ਕੇਹਰ ਸਿੰਘ ਦੇ ਦੋਸਤਾਂ ਵਲੋਂ ਉਸ ਦੀ ਲਾਸ਼ ਪਿੰਡ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ।
(For more news apart from Punjab News, stay tuned to Rozana Spokesman)