ਅਮਰੀਕਾ ਨੂੰ ਇਸ ਦਾ ਹਿੱਸਾ ਨਾ ਬਣਨ ਦੀ ਅਪੀਲ ਕੀਤੀ
ਵਾਸ਼ਿੰਗਟਨ: ਅਮਰੀਕਾ ਦੇ ਇਕ ਮਾਹਰ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤ ਸਰਕਾਰ ਦੇ ਏਜੰਟ ਦਾ ਹੱਥ ਹੋਣ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਨੂੰ ‘ਸ਼ਰਮਨਾਕ ਅਤੇ ਨਿੰਦਣਯੋਗ’ ਕਰਾਰ ਦਿੰਦਿਆਂ ਅਮਰੀਕਾ ਨੂੰ ਇਸ ਦਾ ਹਿੱਸਾ ਨਾ ਬਣਨ ਦੀ ਅਪੀਲ ਕੀਤੀ ਹੈ।
ਹਡਸਨ ਇੰਸਟੀਚਿਊਟ ਥਿੰਕ-ਟੈਂਕ ’ਚ ਹੋਈ ਇਕ ਪੈਨਲ ਚਰਚਾ ’ਚ ਅਮਰੀਕੀ ਇੰਟਰਪ੍ਰਾਈਸਿਜ਼ ਇੰਸਟੀਚਿਊਟ ਦੇ ਸੀਨੀਅਰ ਫ਼ੈਲੋ ਮਾਈਕਲ ਰੂਬਿਨ ਨੇ ਦਾਅਵਾ ਕੀਤਾ ਕਿ ਟਰੂਡੋ ਉਨ੍ਹਾਂ ਲੋਕਾਂ ਦੇ ਹੱਥਾਂ ਦੀ ਕਠਪੁਤਲੀ ਬਣ ਰਹੇ ਹਨ, ਜੋ ਖ਼ਾਲਿਸਤਾਨੀ ਅੰਦੋਲਨ ਨੂੰ ਹੰਕਾਰ ਅਤੇ ਲਾਭ ਦੇ ਅੰਦੋਲਨ ਦੇ ਰੂਪ ’ਚ ਵੇਖਦੇ ਹਨ।
ਕੈਨੇਡਾ ਅਤੇ ਭਾਰਤ ਨੇ ਮੰਗਲਵਾਰ ਨੂੰ ਟਰੂਡੋ ਦੇ ਦੋਸ਼ ਕਿ ਕੈਨੇਡੀਅਨ ਨਾਗਰਿਕ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ, ਤੋਂ ਬਾਅਦ ਇਕ ਦੂਜੇ ਦੇ ਸੀਨੀਅਰ ਡਿਪਲੋਮੈਟਾਂ ਨੂੰ ਕੱਢ ਦਿਤਾ ਸੀ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ‘ਬੇਤੁਕਾ’ ਅਤੇ ‘ਬੇਬੁਨਿਆਦ’ ਕਰਾਰ ਦਿੰਦਿਆਂ ਪੂਰੀ ਤਰ੍ਹਾਂ ਰੱਦ ਕਰ ਦਿਤਾ ਸੀ।
ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਦੇ ਮੁਖੀ ਅਤੇ ਭਾਰਤ ’ਚ ਲੋੜੀਂਦੇ ਹਰਦੀਪ ਸਿੰਘ ਨਿੱਝਰ (45) ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰ੍ਹੀ ’ਚ ਇਕ ਗੁਰਦੁਆਰੇ ਬਾਹਰ 18 ਜੂਨ ਨੂੰ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਦਿਤੀ ਸੀ।
ਰੂਬਿਨ ਨੇ ਕਿਹਾ ਕਿ ਟਰੂਡੋ ਦੇ ‘ਸ਼ਰਮਨਾਕ ਅਤੇ ਨਿੰਦਣਯੋਗ ਕਦਮ’ ਬਾਰੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਹ ਨਿੱਝਰ ਕਤਲ ਕੇਸ ’ਚ ਬਿਆਨ ਦੇ ਰਹੇ ਹਨ, ਪਰ ਦੇਸ਼ ਦੀ ਪੁਲਿਸ ਕਰੀਮਾ ਬਲੋਚ ਦੇ ਕਤਲ ਦੀ ਜਾਂਚ ਕਰ ਰਹੀ ਹੈ, ਜੋ ਕਿ ਪਾਕਿਸਤਾਨ ਦੀ ਕਥਿਤ ਮਦਦ ਨਾਲ ਹੋਇਆ ਸੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਅਜੇ ਤਕ ਇਸ ਮਾਮਲੇ ’ਤੇ ਨੋਟਿਸ ਨਹੀਂ ਲਿਆ ਹੈ।
ਅਮਰੀਕੀ ਮਾਹਰ ਨੇ ਕਿਹਾ, ‘‘ਤਾਂ ਸਵਾਲ ਇਹ ਉੱਠਦਾ ਹੈ ਕਿ ਜੇਕਰ ਲੋਕਲੁਭਾਉਣੀ ਸਿਆਸਤ ਨਹੀਂ ਕੀਤੀ ਜਾ ਰਹੀ ਹੈ, ਤਾਂ ਇਹ ਵਿਰੋਧਾਭਾਸ ਕਿਉਂ ਹੈ? ਇਹ ਲੰਮੇ ਸਮੇਂ ’ਚ ਜਸਟਿਨ ਟਰੂਡੋ ਦੀ ਮਦਦ ਕਰ ਸਕਦਾ ਹੈ, ਪਰ ਇਹ ਚੰਗੀ ਲੀਡਰਸ਼ਿਪ ਨਹੀਂ ਹੈ। ਸਾਨੂੰ ਇੱਥੇ (ਅਮਰੀਕਾ) ਅਤੇ ਕੈਨੇਡਾ ’ਚ ਸਾਡੇ ਨੇਤਾਵਾਂ ਦੀ ਲੋੜ ਹੈ ਕਿ ਉਹ ਵਧੇਰੇ ਜ਼ਿੰਮੇਵਾਰ ਪਹੁੰਚ ਅਪਣਾਉਣ, ਕਿਉਂਕਿ ਉਹ ਅੱਗ ਨਾਲ ਖੇਡ ਰਹੇ ਹਨ।’’
ਰੁਬਿਨ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੁਝ ਬਾਹਰੀ ਤੱਤ ਖਾਲਿਸਤਾਨ ਲਹਿਰ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਨੇ ਕਿਹਾ, ‘‘ਮੈਨੂੰ ਨਹੀਂ ਲਗਦਾ ਕਿ ਇਹ ਕੋਸ਼ਿਸ਼ ਰੰਗ ਲਿਆਵੇਗੀ। ਮੈਂ ਨਹੀਂ ਚਾਹੁੰਦਾ ਕਿ ਅਮਰੀਕਾ ‘ਬਾਹਰਲੇ ਤੱਤਾਂ ਦੀਆਂ ਅਜਿਹੀਆਂ ਨਿੰਦਣਯੋਗ ਚਾਲਾਂ’ ਨੂੰ ਮਨਜ਼ੂਰੀ ਦੇਵੇ। ਅਚਾਨਕ ਵੱਖਵਾਦੀ ਲਹਿਰ ਦੇ ਮੁੜ ਉਭਾਰ ਨੂੰ ਵੇਖਣਾ ਅਤੇ ਇਹ ਦਲੀਲ ਦੇਣਾ ਇਹ ਜਾਇਜ਼ ਹੈ, ਇਕ ਵੱਡੀ ਗਲਤੀ ਹੋਵੇਗੀ।’’