
ਕੋਰੋਨਾ ਵਾਇਰਸ ਸੰਕਟ ਕਾਰਨ ਐਲਾਨੇ ਮੁਕੰਮਲ ਬੰਦ ਦੇ 27 ਦਿਨਾਂ ਮਗਰੋਂ ਸੰਸਦ ਦੇ ਦੋਹਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਦੇ ਸਕੱਤਰੇਤ ਵਿਚ ਸੋਮਵਾਰ ਤੋਂ
ਨਵੀਂ ਦਿੱਲੀ, 20 ਅਪ੍ਰੈਲ : ਕੋਰੋਨਾ ਵਾਇਰਸ ਸੰਕਟ ਕਾਰਨ ਐਲਾਨੇ ਮੁਕੰਮਲ ਬੰਦ ਦੇ 27 ਦਿਨਾਂ ਮਗਰੋਂ ਸੰਸਦ ਦੇ ਦੋਹਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਦੇ ਸਕੱਤਰੇਤ ਵਿਚ ਸੋਮਵਾਰ ਤੋਂ ਜ਼ਰੂਰੀ ਕੰਮਕਾਜ ਸ਼ੁਰੂ ਹੋ ਗਿਆ। ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤ ਨੇ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੰਸਦ ਭਵਨ ਪਹੁੰਚ ਕੇ ਤਾਲਾਬੰਦੀ ਦੌਰਾਨ ਵਿਭਾਗੀ ਕੰਮਕਾਜ ਸਬੰਧੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦਾ ਜਾਇਜ਼ਾ ਲਿਆ। ਬਿਰਲਾ ਨੇ ਸਿਹਤ ਕਾਮਿਆਂ ਨੂੰ ਯੋਧੇ ਦਸਦਿਆਂ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ। ਬਿਆਨ ਮੁਤਾਬਕ ਸੰਸਦ ਭਵਨ ਵਿਚ ਤਾਲਾਬੰਦੀ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਰਾਜ ਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਸਿਰਫ਼ ਅਜਿਹੇ ਅਹਿਮ ਕੰਮ ਕਰਨ ਦੀ ਆਗਿਆ ਦਿਤੀ ਹੈ ਜਿਨ੍ਹਾਂ ਨੂੰ ਲਟਕਾ ਕੇ ਨਹੀਂ ਰਖਿਆ ਜਾ ਸਕਦਾ।
(ਏਜੰਸੀ)