
ਸੰਦੀਪ ਥਿਆੜਾ ਨਾਂ ਦੀ ਨਰਸ ਹਸਪਤਾਲ ਦੇ ਜਣੇਪਾ ਵਿਭਾਗ ’ਚ ਤਾਇਨਾਤ ਹੈ
Commendable effort by a nurse of Punjabi origin to donate milk to premature babies!
- ਮਨੁੱਖੀ ਜਾਨਾਂ ਦੇ ਬਚਾਅ ਲਈ ਕੀਤੇ ਜਾਂਦੇ ਖੂਨ ਦਾਨ ਦੀ ਰਵਾਇਤ ਤੋਂ ਸਾਰੇ ਜਾਣੂ ਹੀ ਹਨ, ਪ੍ਰੰਤੂ ਹੁਣ ਸਮੇਂ ਤੋਂ ਪਹਿਲਾਂ ਪੈਦਾ ਹੋਏ ਨਵਜੰਮੇ ਬੱਚਿਆਂ ਦੀਆਂ ਜਾਨਾਂ ਬਚਾਉਣ ਲਈ ਆਪਣਾ ਦੁੱਧ ਦਾਨ ਕਰਨ ਦੇ ਸਲਾਘਾਯੋਗ ਉਪਰਾਲੇ ਦਾ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਵੇਰਵਿਆਂ ਮੁਤਾਬਕ ਸਰੀ ਦੇ ਮੈਮੋਰੀਅਲ ਹਸਪਤਾਲ ’ਚ ਨਰਸ ਵਜੋਂ ਸੇਵਾਵਾਂ ਨਿਭਾਉਣ ਵਾਲੀ ਪੰਜਾਬੀ ਮੂਲ ਦੀ ਇੱਕ ਔਰਤ ਵੱਲੋਂ ਅਜਿਹੀ ਪਿਰਤ ਸ਼ੁਰੂ ਕਰ ਕੇ ਸਰੀਰਕ ਪੱਖੋਂ ਕਮਜ਼ੋਰ ਕਈ ਅਜਿਹੇ ਬੱਚਿਆਂ ਦੀਆਂ ਕੀਮਤੀ ਜਾਨਾਂ ਬਚਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਸੰਦੀਪ ਥਿਆੜਾ ਨਾਂ ਦੀ ਉਕਤ ਨਰਸ ਹਸਪਤਾਲ ਦੇ ਜਣੇਪਾ ਵਿਭਾਗ ’ਚ ਤਾਇਨਾਤ ਹੈ ਉਸ ਮੁਤਾਬਕ ਕੁਝ ਮਹੀਨੇ ਪਹਿਲਾਂ ਜਨਮੀ ਉਸ ਦੀ ਆਪਣੀ ਬੱਚੀ ਨੂੰ ਜਦੋਂ ਉਹ ਆਪਣਾ ਦੁੱਧ ਪਿਲਾਉਂਦੀ ਸੀ ਤਾਂ ਹਸਪਤਾਲ ’ਚ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਨੂੰ ਆਪਣੀਆਂ ਮਾਵਾਂ ਤੋਂ ਲੋੜੀਂਦੀ ਮਾਤਰਾ ’ਚ ਦੁੱਧ ਨਾ ਮਿਲਣ ਕਾਰਨ ਸਰੀਰਕ ਪੱਖੋਂ ਕਮਜ਼ੋਰ ਰਹਿਣ ਵਾਲੇ ਅਜਿਹੇ ਬੱਚਿਆਂ ਦੀ ਦੁੱਖ ਭਰੀ ਤਰਾਸਦੀ ਤੋਂ ਉਹ ਬੇਹਦ ਪ੍ਰਭਾਵਿਤ ਹੋਈ ਜਿਸ ਮਗਰੋਂ ਸਿਹਤ ਵਿਭਾਗ ਦੀ ਸਹਿਮਤੀ ਨਾਲ ਉਸ ਵੱਲੋਂ ਆਪਣਾ ਦੁੱਧ ਦਾਨ ਕਰਨ ਦਾ ਅਹਿਮ ਫ਼ੈਸਲਾ ਲਿਆ ਗਿਆ|
ਸੰਦੀਪ ਮੁਤਾਬਕ ਉਸ ਵੱਲੋਂ ਲੋੜੀਂਦੀ ਮਾਤਰਾ ’ਚ ਦੁੱਧ ਪੈਕ ਕਰ ਕੇ ਲੋੜਵੰਦ ਬੱਚਿਆਂ ਤੱਕ ਪਹੁੰਚਾਏ ਜਾਣ ਦਾ ਸਿਲਸਿਲਾ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਉਸ ਮੁਤਾਬਿਕ ਨੰਨ੍ਹੀਆਂ ਜਾਨਾਂ ਲਈ ਦੁੱਧ ਦਾਨ ਕਰਨ ਦੇ ਫ਼ੈਸਲੇ ਮਗਰੋਂ ਕੁਦਰਤੀ ਤੌਰ ’ਤੇ ਉਸ ਨੂੰ ਦੂਸਰੀਆਂ ਔਰਤਾਂ ਦੇ ਮੁਕਾਬਲੇ ਵਧੇਰੇ ਦੁਧ ਆਉਂਦਾ ਹੈ।
ਰਿਪੋਰਟ- ਮਲਕੀਤ ਸਿੰਘ