ਰਾਸ਼ਟਰਪਤੀ ਜੋ ਬਾਈਡਨ, ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨਾਲ ਕਵਾਡ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਉਤਸੁਕ ਹਾਂ : ਮੋਦੀ
ਵਿਲਮਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ, ਕਵਾਡ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਅਤੇ ਸੰਯੁਕਤ ਰਾਸ਼ਟਰ ਵਿਚ ਇਕ ਪ੍ਰਮੁੱਖ ਸਿਖਰ ਸੰਮੇਲਨ ਨੂੰ ਸੰਬੋਧਨ ਕਰਨ ਲਈ ਸਨਿਚਰਵਾਰ ਨੂੰ ਤਿੰਨ ਦਿਨਾਂ ਯਾਤਰਾ ’ਤੇ ਅਮਰੀਕਾ ਪਹੁੰਚੇ।
ਯਾਤਰਾ ਦੇ ਪਹਿਲੇ ਦਿਨ ਕਵਾਡ ਸਿਖਰ ਸੰਮੇਲਨ ਤੋਂ ਪਹਿਲਾਂ ਮੋਦੀ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨਾਲ ਮੁਲਾਕਾਤ ਕਰਨਗੇ।
ਸੰਮੇਲਨ ਦੇ ਸਥਾਨ ਡੇਲਾਵੇਅਰ ਦੇ ਵਿਲਮਿੰਗਟਨ ਪਹੁੰਚਣ ਤੋਂ ਬਾਅਦ ਮੋਦੀ ਨੇ ਕਿਹਾ, ‘‘ਮੈਨੂੰ ਪੂਰਾ ਭਰੋਸਾ ਹੈ ਕਿ ਅੱਜ ਦੇ ਵਿਚਾਰ-ਵਟਾਂਦਰੇ ਸਾਡੇ ਗ੍ਰਹਿ ਨੂੰ ਸੁਧਾਰਨ ਅਤੇ ਵੱਡੀਆਂ ਗਲੋਬਲ ਚੁਨੌਤੀ ਆਂ ਨਾਲ ਨਜਿੱਠਣ ਵਿਚ ਯੋਗਦਾਨ ਪਾਉਣਗੇ।’’ ਇਸ ਤੋਂ ਪਹਿਲਾਂ ਭਾਰਤੀ ਪ੍ਰਵਾਸੀਆਂ ਦੇ ਇਕ ਵੱਡੇ ਸਮੂਹ ਨੇ ਫਿਲਾਡੇਲਫੀਆ ਕੌਮਾਂਤਰੀ ਹਵਾਈ ਅੱਡੇ ’ਤੇ ਮੋਦੀ ਦਾ ਸਵਾਗਤ ਕੀਤਾ, ਜਿੱਥੋਂ ਉਹ ਰਾਸ਼ਟਰਪਤੀ ਬਾਈਡਨ ਦੇ ਜੱਦੀ ਸ਼ਹਿਰ ਵਿਲਮਿੰਗਟਨ ਲਈ ਰਵਾਨਾ ਹੋਏ।
ਮੋਦੀ ਨੇ ਰਵਾਇਤੀ ਪਹਿਰਾਵੇ ਪਹਿਨ ਕੇ ਆਈ ਭੀੜ ਦਾ ਸਵਾਗਤ ਕੀਤਾ, ਜਿਨ੍ਹਾਂ ਵਿਚੋਂ ਕਈਆਂ ਨੇ ਭਾਰਤੀ ਤਿਰੰਗਾ ਫੜਿਆ ਹੋਇਆ ਸੀ। ਉਹ ਸੁਰੱਖਿਆ ਘੇਰੇ ਅੰਦਰ ਚਲੇ ਗਏ, ਉਨ੍ਹਾਂ ਵਿਚੋਂ ਕੁੱਝ ਨੂੰ ਆਟੋਗ੍ਰਾਫ ਦਿਤੇ ਅਤੇ ਕੁੱਝ ਹੋਰਾਂ ਨਾਲ ਹੱਥ ਮਿਲਾਇਆ।
ਮੋਦੀ ਨੇ ‘ਐਕਸ’ ’ਤੇ ਇਕ ਹੋਰ ਪੋਸਟ ’ਚ ਕਿਹਾ, ‘‘ਫਿਲਾਡੇਲਫੀਆ ’ਚ ਜ਼ੋਰਦਾਰ ਸਵਾਗਤ। ਅਸੀਂ ਅਪਣੇ ਪ੍ਰਵਾਸੀ ਭਾਈਚਾਰੇ ਦੇ ਆਸ਼ੀਰਵਾਦ ਦੀ ਕਦਰ ਕਰਦੇ ਹਾਂ।’’ ਉਨ੍ਹਾਂ ਅੱਗੇ ਕਿਹਾ, ‘‘ਅਮਰੀਕਾ ’ਚ ਭਾਰਤੀ ਭਾਈਚਾਰੇ ਨੇ ਵੱਖ-ਵੱਖ ਖੇਤਰਾਂ ’ਚ ਸਕਾਰਾਤਮਕ ਪ੍ਰਭਾਵ ਪਾਇਆ ਹੈ। ਉਨ੍ਹਾਂ ਨਾਲ ਗੱਲਬਾਤ ਕਰਨਾ ਹਮੇਸ਼ਾ ਖੁਸ਼ੀ ਦੀ ਗੱਲ ਹੁੰਦੀ ਹੈ। ਆਓ ਉਨ੍ਹਾਂ ਰਿਸ਼ਤਿਆਂ ਦਾ ਜਸ਼ਨ ਮਨਾਈਏ ਜੋ ਸਾਡੇ ਦੇਸ਼ਾਂ ਨੂੰ ਬੰਨ੍ਹਦੇ ਹਨ।’’
ਵਿਦੇਸ਼ ਮੰਤਰਾਲੇ ਨੇ ‘ਐਕਸ’ ’ਤੇ ਕੁੱਝ ਤਸਵੀਰਾਂ ਨਾਲ ਸਾਂਝੀ ਕੀਤੀ ਇਕ ਪੋਸਟ ’ਚ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਤਿਹਾਸਕ ਸ਼ਹਿਰ ਫਿਲਾਡੇਲਫੀਆ ਪਹੁੰਚੇ। ਡੇਲਾਵੇਅਰ ਦੇ ਵਿਲਮਿੰਗਟਨ ’ਚ ਦੋ-ਪੱਖੀ ਅਤੇ ਕਵਾਡ ਫਾਰਮੈਟ ’ਚ ਹਿੱਸਾ ਲੈਣ ਵਾਲਾ ਇਹ ਦਿਨ ਕੰਮ ਨਾਲ ਭਰਪੂਰ ਹੋਵੇਗਾ। ਜੁੜੇ ਰਹੋ!’’
ਅਮਰੀਕਾ ’ਚ ਭਾਰਤੀ ਸਫ਼ਾਰਤਖ਼ਾਨੇ ਨੇ ਟਵੀਟ ਕੀਤਾ, ‘‘ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦੀ ਵਿਸ਼ੇਸ਼ ਯਾਤਰਾ ਲਈ ਸਵਾਗਤ ਹੈ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੁਵਲੇ ਵਿਚਾਰ-ਵਟਾਂਦਰੇ ਲਈ ਅਮਰੀਕੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ, ਛੇਵੇਂ ਕਵਾਡ ਲੀਡਰਜ਼ ਸਿਖਰ ਸੰਮੇਲਨ ’ਚ ਹਿੱਸਾ ਲੈਣਗੇ, ਸੰਯੁਕਤ ਰਾਸ਼ਟਰ ਦੇ ‘ਭਵਿੱਖ ਸੰਮੇਲਨ’ ਨੂੰ ਸੰਬੋਧਨ ਕਰਨਗੇ ਅਤੇ ਚੋਟੀ ਦੀਆਂ ਤਕਨੀਕੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਭਾਰਤੀ ਪ੍ਰਵਾਸੀਆਂ ਨਾਲ ਕਈ ਹੋਰ ਮਹੱਤਵਪੂਰਨ ਮੀਟਿੰਗਾਂ ਕਰਨਗੇ।’’
ਵਿਲਮਿੰਗਟਨ ਤੋਂ ਮੋਦੀ ਨਿਊਯਾਰਕ ਜਾਣਗੇ ਅਤੇ 22 ਸਤੰਬਰ ਨੂੰ ਲੌਂਗ ਆਈਲੈਂਡ ’ਚ ਭਾਰਤੀ ਭਾਈਚਾਰੇ ਦੇ ਇਕ ਪ੍ਰੋਗਰਾਮ ’ਚ ਹਿੱਸਾ ਲੈਣਗੇ ਅਤੇ ਅਗਲੇ ਦਿਨ ਸੰਯੁਕਤ ਰਾਸ਼ਟਰ ਮਹਾਸਭਾ ’ਚ ਭਵਿੱਖ ’ਚ ਹੋਣ ਵਾਲੇ ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਦੇ ਹੋਰ ਰੁਝੇਵਿਆਂ ’ਚ ਲੌਂਗ ਆਈਲੈਂਡ ’ਚ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਇਕ ਸਮਾਰੋਹ ’ਚ ਹਿੱਸਾ ਲੈਣਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ, ਕੁਆਂਟਮ ਕੰਪਿਊਟਿੰਗ ਅਤੇ ਸੈਮੀਕੰਡਕਟਰਾਂ ਵਰਗੀਆਂ ਅਤਿ ਆਧੁਨਿਕ ਤਕਨਾਲੋਜੀਆਂ ’ਤੇ ਕੰਮ ਕਰ ਰਹੀਆਂ ਅਮਰੀਕੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਇਕ ਗੋਲਮੇਜ਼ ਮੀਟਿੰਗ ਸ਼ਾਮਲ ਹੈ।
ਵਿਲਮਿੰਗਟਨ ਵਿਚ ਸਾਲਾਨਾ ਕਵਾਡ ਸਿਖਰ ਸੰਮੇਲਨ ਵਿਚ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਵਧਾਉਣ ਅਤੇ ਯੂਕਰੇਨ ਅਤੇ ਗਾਜ਼ਾ ਵਿਚ ਸੰਘਰਸ਼ਾਂ ਦਾ ਸ਼ਾਂਤੀਪੂਰਨ ਹੱਲ ਲੱਭਣ ਦੇ ਤਰੀਕਿਆਂ ਦੀ ਤਲਾਸ਼ ਕਰਨ ਲਈ ਕਈ ਨਵੀਆਂ ਪਹਿਲਕਦਮੀਆਂ ਸ਼ੁਰੂ ਹੋਣ ਦੀ ਉਮੀਦ ਹੈ।
ਮੋਦੀ ਨੇ ਕਿਹਾ ਕਿ ਉਹ ਅਪਣੇ ਸਹਿਯੋਗੀ ਰਾਸ਼ਟਰਪਤੀ ਜੋ ਬਾਈਡਨ, ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨਾਲ ਕਵਾਡ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਉਤਸੁਕ ਹਨ।
ਉਨ੍ਹਾਂ ਕਿਹਾ, ‘‘ਇਹ ਫੋਰਮ ਹਿੰਦ-ਪ੍ਰਸ਼ਾਂਤ ਖੇਤਰ ’ਚ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰ ਰਹੇ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਦੇ ਇਕ ਪ੍ਰਮੁੱਖ ਸਮੂਹ ਵਜੋਂ ਉਭਰਿਆ ਹੈ।’’ ਚਾਰ ਮੈਂਬਰੀ ਕਵਾਡ ਜਾਂ ਚਤੁਰਭੁਜ ਸੁਰੱਖਿਆ ਸੰਵਾਦ ਇਕ ਸੁਤੰਤਰ, ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਖੇਤਰ ਨੂੰ ਬਣਾਈ ਰੱਖਣ ਦੀ ਵਕਾਲਤ ਕਰਦਾ ਹੈ। ਬੀਜਿੰਗ ਇਸ ਨੂੰ ਚੀਨ ਵਿਰੋਧੀ ਸਮੂਹ ਦੇ ਤੌਰ ’ਤੇ ਦੇਖਦਾ ਹੈ।