 
          	ਕਾਰ 'ਤੇ ਪਿਸ਼ਾਬ ਕਰਨ ਤੋਂ ਰੋਕਣ 'ਤੇ ਮੁਲਜ਼ਮ ਨੇ ਦਿੱਤਾ ਵਾਰਦਾਤ ਨੂੰ ਅੰਜਾਮ, 55 ਸਾਲਾ ਵਪਾਰੀ ਅਰਵੀ ਸਿੰਘ ਸੱਗੂ ਵਜੋਂ ਹੋਈ ਪਛਾਣ
Arvi Singh Saggu canada murder News: ਕੈਨੇਡਾ ਦੇ ਐਡਮੰਟਨ ਸ਼ਹਿਰ ਵਿਚ ਪੰਜਾਬੀ ਮੂਲ ਦੇ 55 ਸਾਲਾ ਵਪਾਰੀ ਅਰਵੀ ਸਿੰਘ ਸੱਗੂ ਦੀ ਇਕ ਅਜਨਬੀ ਨਾਲ ਝਗੜੇ ਤੋਂ ਬਾਅਦ ਮੌਤ ਹੋ ਗਈ। ਇਹ ਘਟਨਾ 109 ਸਟ੍ਰੀਟ ’ਤੇ ਸਥਿਤ “ਦ ਕਾਮਨ” ਰੈਸਟੋਰੈਂਟ ਦੇ ਨੇੜੇ 19 ਅਕਤੂਬਰ ਨੂੰ ਡਾਊਨਟਾਊਨ ਐਡਮੰਟਨ ਵਿਚ ਹੋਈ, ਜਦੋਂ ਸਾਗੂ ਨੇ ਇਕ ਵਿਅਕਤੀ ਨੂੰ ਅਪਣੀ ਕਾਰ ’ਤੇ ਪੇਸ਼ਾਬ ਕਰਦੇ ਦੇਖਿਆ।
ਐਡਮੰਟਨ ਪੁਲਿਸ ਸਰਵਿਸ (ਈਪੀਐਸ) ਦੇ ਮੁਤਾਬਕ, ਸੱਗੂ ਅਤੇ ਉਸ ਦੀ ਪ੍ਰੇਮਿਕਾ ਰਾਤ ਦਾ ਖਾਣਾ ਖਾ ਕੇ ਆਪਣੀ ਕਾਰ ਵੱਲ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਨੇ ਉਸ ਵਿਅਕਤੀ ਨੂੰ ਗੱਡੀ 'ਤੇ ਪੇਸ਼ਾਬ ਕਰਦੇ ਦੇਖਿਆ। ਜਦੋਂ ਸਾਗੂ ਨੇ ਉਸ ਨੂੰ ਟੋਕਿਆ ਤਾਂ ਵਿਅਕਤੀ ਨੇ ਕਥਿਤ ਤੌਰ ’ਤੇ ਉਸ ਦੇ ਸਿਰ ’ਤੇ ਹਮਲਾ ਕੀਤਾ, ਜਿਸ ਨਾਲ ਸੱਗੂ ਜ਼ਮੀਨ ’ਤੇ ਡਿੱਗ ਗਿਆ ਅਤੇ ਬੇਹੋਸ਼ ਹੋ ਗਿਆ। ਸੱਗੂ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।
24 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਪੁਲਿਸ ਨੇ 40 ਸਾਲਾ ਕਾਇਲ ਪੈਪਿਨ ਨੂੰ ਗਿ੍ਰਫਤਾਰ ਕਰ ਲਿਆ ਹੈ, ਜਿਸ ’ਤੇ ਸ਼ੁਰੂ ਵਿਚ ਗੰਭੀਰ ਹਮਲੇ ਦਾ ਦੋਸ਼ ਲਗਾਇਆ ਗਿਆ ਸੀ। ਜਾਂਚਕਰਤਾਵਾਂ ਨੇ ਕਿਹਾ ਕਿ ਸੱਗੂ ਅਤੇ ਪੈਪਿਨ ਇਕ-ਦੂਜੇ ਨੂੰ ਨਹੀਂ ਜਾਣਦੇ ਸਨ। ਈਪੀਐਸ ਦੀ ਹੋਮਿਸਾਈਡ ਯੂਨਿਟ ਨੇ ਜਾਂਚ ਦੀ ਕਮਾਨ ਸੰਭਾਲ ਲਈ ਹੈ ਅਤੇ ਪੁਲਿਸ ਨੇ ਕਿਹਾ ਹੈ ਕਿ ਹੋਰ ਦੋਸ਼ ਵੀ ਲਗਾਏ ਜਾ ਸਕਦੇ ਹਨ। ਪੈਪਿਨ ਨੂੰ 4 ਨਵੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। (ਏਜੰਸੀ)
 
                     
                
 
	                     
	                     
	                     
	                     
     
     
     
     
     
                     
                     
                     
                     
                    