
ਸਰਕਾਰ ਨੇ ਦੇਸ਼ ਛੱਡਣ ਲਈ 30 ਸਤੰਬਰ 2022 ਤੱਕ ਦਾ ਦਿੱਤਾ ਸਮਾਂ
ਮੈਲਬਰਨ: ਪਿਛਲੇ 16 ਸਾਲਾਂ ਤੋਂ ਆਸਟ੍ਰੇਲੀਆ ’ਚ ਰਹਿ ਰਹੇ ਸਿੱਖ ਜੋੜੇ ਨੂੰ ਉੱਥੋਂ ਡਿਪੋਰਟ ਕੀਤਾ ਜਾ ਰਿਹਾ ਹੈ। ਆਸਟ੍ਰੇਲੀਆ ਸਰਕਾਰ ਨੇ ਉਹਨਾਂ ਨੂੰ ਦੇਸ਼ ਛੱਡਣ ਲਈ 30 ਸਤੰਬਰ 2022 ਤੱਕ ਦਾ ਸਮਾਂ ਦਿੱਤਾ ਹੈ। ਧੋਖੇਬਾਜ਼ ਵਕੀਲਾਂ ਦੇ ਚੱਕਰ ’ਚ ਫਸੇ ਨਵਨਿੰਦਰ ਕੌਰ ਅਤੇ ਵਿਕਰਮਜੀਤ ਸਿੰਘ ਨੇ ਮਦਦ ਦੀ ਗੁਹਾਰ ਲਗਾਈ ਹੈ। ਖ਼ਾਲਸਾ ਏਡ ਦੇ ਵਲੰਟੀਅਰ ਗੁਰਿੰਦਰਜੀਤ ਸਿੰਘ ਜੱਸੜ ਨੇ ਆਪਣੇ ਸਾਥੀਆਂ ਅਤੇ ਹੋਰ ਧਾਰਮਿਕ-ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਪਟੀਸ਼ਨ ਦਾਇਰ ਕਰਨ ਲਈ ਦਸਤਖ਼ਤ ਮੁਹਿੰਮ ਵੀ ਚਲਾਈ ਹੈ।
Sikh couple faces deportation in Australia
ਨਵਨਿੰਦਰ ਕੌਰ ਪੰਜਾਬ ਦੇ ਜਲੰਧਰ ਜਿਲ੍ਹੇ ਦੇ ਪਿੰਡ ਕੰਬੋਆ ਦੀ ਰਹਿਣ ਵਾਲੀ ਹੈ। ਚੰਗੇ ਭਵਿੱਖ ਦੀ ਭਾਲ ਲਈ ਉਹ ਵਿਦਿਆਰਥੀ ਵੀਜ਼ਾ ’ਤੇ ਪੜ੍ਹਾਈ ਕਰਨ ਲਈ 2 ਫਰਵਰੀ 2007 ਨੂੰ ਪੰਜਾਬ ਤੋਂ ਆਸਟ੍ਰੇਲੀਆ ਗਈ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਵਿਕਰਮਜੀਤ ਸਿੰਘ ਨਾਲ ਹੋਈ ਅਤੇ ਦੋਹਾਂ ਨੇ 2008 ਵਿਚ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ। ਇਸ ਦੌਰਾਨ ਉਹ ਪੱਕੇ ਹੋਣ ਲਈ 2017 ਤੱਕ ਵਕੀਲਾਂ ਦੀ ਧੋਖਾਧੜੀ ਦਾ ਸ਼ਿਕਾਰ ਹੁੰਦੇ ਗਏ ਅਤੇ ਇਕ ਵਕੀਲ ਉਹਨਾਂ ਦੇ 30 ਹਜ਼ਾਰ ਡਾਲਰ ਲੈ ਕੇ ਫਰਾਰ ਹੋ ਗਿਆ।
Sikh couple faces deportation in Australia
ਮਾਰਚ 2017 ਵਿਚ ਉਹਨਾਂ ਨੇ ਗੂਲਵਾ ਵਿਖੇ ਆਪਣਾ ਰੈਸਟੋਰੈਂਟ ਖੋਲ੍ਹਿਆ, ਜਿਸ ਨੂੰ ਉਥੋਂ ਦੇ ਭਾਈਚਾਰੇ ਵੱਲੋਂ ਵਧੀਆ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ ਅਤੇ ਥੋੜ੍ਹੇ ਸਮੇਂ ਵਿਚ ਹੀ ਇਹ ਰੈਸਟੇਰੈਂਟ ਕਾਫੀ ਮਕਬੂਲ ਹੋ ਗਿਆ। ਇਸ ਤੋਂ ਇਲਾਵਾ ਇਸ ਜੋੜੇ ਵੱਲੋਂ ਕਈ ਪਾਲਤੂ ਜਾਨਵਰਾਂ ਦੀ ਦੇਖਭਾਲ ਵੀ ਕੀਤੀ ਜਾ ਰਹੀ ਹੈ। ਉਹਨਾਂ ਨੇ ਸੋਸ਼ਲ ਮੀਡੀਆ ’ਤੇ ਮਦਦ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਉਹਨਾਂ ਨੇ ਆਸਟ੍ਰੇਲੀਆ ਵਿਚ ਰਹਿੰਦਿਆਂ ਸਰਕਾਰ ਨੂੰ ਪੂਰਾ ਟੈਕਸ ਦਿੱਤਾ ਹੈ ਅਤੇ ਕਦੀ ਵੀ ਕਿਸੇ ਗਲਤ ਜਾਂ ਸਰਕਾਰ/ਸਮਾਜ ਵਿਰੋਧੀ ਕਿਸੇ ਤਰ੍ਹਾਂ ਦੀ ਕਿਸੇ ਵੀ ਕਾਰਵਾਈ ਵਿਚ ਹਿੱਸਾ ਨਹੀਂ ਲਿਆ ਹੈ। ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਨੂੰ ਲੈ ਕੇ ਉਹਨਾਂ ਨੂੰ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ।