
ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਪਠਾਨਕੋਟ : ਜ਼ਿਲ੍ਹਾ ਪਠਾਨਕੋਟ ਦੇ ਕੁੱਲੂ ਰੋਡ 'ਤੇ ਪੈਂਦੇ ਪਿੰਡ ਨਵੀਂ ਬਸਤੀ ਛੱਤਵਾਲ ਦੇ ਇਕ 35 ਸਾਲਾਂ ਨੌਜਵਾਨ ਦੀ ਵੀਰਵਾਰ ਨੂੰ ਦੁਬਈ ਵਿਚ ਦਿਲ ਦਾ ਦੌਰਾ ਪੈ ਜਾਣ ਕਰ ਕੇ ਮੌਤ ਹੋ ਗਈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਵਿਸ਼ਾਲ ਸ਼ਰਮਾ ਦੇ ਪਿਤਾ ਵਿਜੈ ਸ਼ਰਮਾ ਨੇ ਦਸਿਆ ਕਿ ਉਸ ਦਾ ਬੇਟਾ ਵਿਸ਼ਾਲ ਸ਼ਰਮਾ ਪਿਛਲੇ ਸਾਲ 9 ਜਨਵਰੀ 2022 ਨੂੰ ਦੁਬਈ (ਯੂ.ਏ.ਈ)ਗਿਆ ਸੀ ਜੋ ਕਿ ਉਥੇ ਸ਼ੈਫ ਦਾ ਕੰਮ ਕਰਦਾ ਸੀ।
ਉਨ੍ਹਾਂ ਨੂੰ ਵੀਰਵਾਰ ਦੁਬਈ ਤੋਂ ਰਾਕੇਸ਼ ਨਾਂਅ ਦੇ ਨੌਜਵਾਨ ਦਾ ਫ਼ੋਨ ਆਇਆ ਜਿਹੜਾ ਕਿ ਹਿਮਾਚਲ ਦਾ ਹੈ ਅਤੇ ਦੁਬਈ ਵਿਚ ਉਨ੍ਹਾਂ ਦੇ ਪੁੱਤਰ ਨਾਲ ਹੀ ਕੰਮ ਕਰਦਾ ਹੈ। ਉਸ ਦੇ ਦੱਸਣ ਮੁਤਾਬਕ ਵੀਰਵਾਰ ਵਿਸ਼ਾਲ ਨੇ ਉਨ੍ਹਾਂ ਨੂੰ ਦਸਿਆ ਕਿ ਗਰਮੀ ਕਰ ਕੇ ਉਸ ਨੂੰ ਘਬਰਾਹਟ ਮਹਿਸੂਸ ਹੋ ਰਹੀ ਹੈ।
ਇਹ ਵੀ ਪੜ੍ਹੋ: ਆਨਲਾਈਨ ਸੱਟੇਬਾਜ਼ੀ 'ਚ ਕਾਰੋਬਾਰੀ ਨਾਲ ਹੋਈ 58 ਕਰੋੜ ਰੁਪਏ ਦੀ ਠੱਗੀ
ਵਿਸ਼ਾਲ ਨੂੰ ਦੁਬਈ ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਵਿਜੈ ਸ਼ਰਮਾ ਨੇ ਦਸਿਆ ਕਿ ਉਨ੍ਹਾਂ ਦੀ ਵਿਸ਼ਾਲ ਨਾਲ ਆਖਰੀ ਵਾਰ ਬੁੱਧਵਾਰ ਨੂੰ ਹੀ ਗੱਲ ਹੋਈ ਸੀ। ਉਸ ਦੇ ਬੇਟੇ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸ ਦੀ ਦੋ ਸਾਲਾਂ ਦੀ ਇਕ ਬੇਟੀ ਵੀ ਹੈ।
ਮ੍ਰਿਤਕ ਦੇ ਪਿਤਾ ਵਿਜੈ ਸ਼ਰਮਾ ਨੇ ਦਸਿਆ ਕਿ ਉਸ ਦੇ ਤਿੰਨ ਬੇਟੇ ਹਨ ਵਿਸ਼ਾਲ ਦੂਜੇ ਨੰਬਰ 'ਤੇ ਸੀ। ਜਾਣਕਾਰੀ ਅਨੁਸਾਰ ਪ੍ਰਵਾਰ ਆਰਥਿਕ ਪੱਖੋਂ ਕਮਜ਼ੋਰ ਹੈ ਇਸ ਕਰ ਕੇ ਉਨ੍ਹਾਂ ਵਲੋਂ ਵਿਸ਼ਾਲ ਦੀ ਦੇਹ ਭਾਰਤ ਲਿਆਉਣ ਲਈ ਦੁਬਈ ਸਥਿਤ ਭਾਰਤੀ ਦੂਤਾਵਾਸ ਅਤੇ ਸਮਾਜ ਸੇਵੀ ਐਸ.ਪੀ. ਸਿੰਘ ਓਬਰਾਏ ਨਾਲ ਸੰਪਰਕ ਕੀਤਾ ਹੈ।
ਉਨ੍ਹਾਂ ਦੇ ਦੱਸਣ ਮੁਤਾਬਕ ਲੋੜੀਂਦੇ ਦਸਤਾਵੇਜ਼ ਵੀ ਭੇਜ ਦਿਤੇ ਗਏ ਹਨ। ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਅਤੇ ਸਮਾਜ ਸੇਵੀ ਐਸ.ਪੀ. ਸਿੰਘ ਓਬਰਾਏ ਦੀ ਸੰਸਥਾ ਦੇ ਮੈਂਬਰਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਮ੍ਰਿਤਕ ਵਿਸ਼ਾਲ ਦੀ ਦੇਹ ਮੰਗਲਵਾਰ ਜਾਂ ਬੁੱਧਵਾਰ ਤਕ ਭਾਰਤ ਭੇਜ ਦਿਤੀ ਜਾਵੇਗੀ।