
ਮੈਂ ਰਾਸ਼ਟਰਪਤੀ ਦੇ ਅਹੁਦੇ ਲਈ ਗੰਭੀਰ ਉਮੀਦਵਾਰ ਹੈ - ਨਿੱਕੀ
ਨਿਊਯਾਰਕ: ਅਮਰੀਕਾ ’ਚ ਮੱਧਕਾਲੀ ਚੋਣਾਂ ਤੋਂ ਬਾਅਦ ਦੇਸ਼ ’ਚ ਸਾਲ 2024 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ। ਰਿਪਬਲਿਕਨ ਪਾਰਟੀ ਦੀ ਤਰਫ਼ੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਪਣੇ ਦੂਜੇ ਕਾਰਜਕਾਲ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਚਰਚਾ ਹੈ ਕਿ ਭਾਰਤੀ ਮੂਲ ਦੀਆਂ ਦੋ ਔਰਤਾਂ ਵੀ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਦੋ ਵਿਰੋਧੀ ਪਾਰਟੀਆਂ ਤੋਂ ਚੋਣ ਲੜ ਸਕਦੀਆਂ ਹਨ। ਇਸ ’ਚ ਮੁੱਖ ਤੌਰ ’ਤੇ ਨਿੱਕੀ ਹੇਲੀ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਉਪ ਪ੍ਰਧਾਨ ਕਮਲਾ ਹੈਰਿਸ ਦੇ ਨਾਂ ਮੁੱਖ ਤੌਰ ’ਤੇ ਚਰਚਾ ’ਚ ਹਨ।
ਰਿਪਬਲਿਕ ਪਾਰਟੀ ਦੀ ਨੇਤਾ ਅਤੇ ਸਿੱਖ ਪ੍ਰਵਾਰ ਵਿਚ ਜਨਮੀ ਨਿੱਕੀ ਹੇਲੀ ਨੇ ਐਤਵਾਰ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਗੰਭੀਰ ਉਮੀਦਵਾਰ ਹੈ। ਹੇਲੀ ਨੇ ਕਿਹਾ ਕਿ ਉਨ੍ਹਾਂ ਨੇ ਆਮ ਚੋਣਾਂ ’ਚ ਵੱਡੀ ਜਿੱਤ ਦਰਜ ਕੀਤੀ ਹੈ। ਜਿੱਤ ਤੋਂ ਬਾਅਦ ਨਿੱਕੀ ਹੇਲੀ ਨੇ ਅਪਣੇ ਵਿਰੋਧੀਆਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲੋਕ ਸਾਨੂੰ ਘੱਟ ਕਰ ਕੇ ਸਮਝਦੇ ਹਨ। ਉਨ੍ਹਾਂ ਕਿਹਾ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿਚ ਸ਼ਾਮਲ ਹਨ।
ਨਿੱਕੀ ਨੇ ਕਿਹਾ ਕਿ ਮੈਂ ਕੋਈ ਚੋਣ ਨਹੀਂ ਹਾਰੀ ਅਤੇ ਹੁਣ ਮੈਂ ਅੱਗੇ ਦੇ ਮੁਕਾਬਲੇ ਲਈ ਤਿਆਰ ਹਾਂ। ਹੇਲੀ ਦੇ ਇਸ ਐਲਾਨ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ 2024 ’ਚ ਰਾਸ਼ਟਰਪਤੀ ਅਹੁਦੇ ਲਈ ਖੜੇ ਹੋਣਗੇ। ਨਿੱਕੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦਾ ਹਿੱਸਾ ਰਹਿ ਚੁੱਕੀ ਹੈ। ਟਰੰਪ ਦੇ ਮੰਤਰੀ ਮੰਡਲ ’ਚ ਸ਼ਾਮਲ ਹੋਣ ਤੋਂ ਪਹਿਲਾਂ ਨਿੱਕੀ ਹੇਲੀ ਕੈਰੋਲੀਨਾ ਦੀ ਗਵਰਨਰ ਵੀ ਰਹਿ ਚੁੱਕੀ ਹੈ। ਉਹ ਰਿਪਬਲਿਕਨ ਬਾਬੀ ਜਿੰਦਲ ਤੋਂ ਬਾਅਦ ਇਹ ਅਹੁਦਾ ਸੰਭਾਲਣ ਵਾਲੀ ਭਾਰਤੀ ਮੂਲ ਦੀ ਦੂਜੀ ਔਰਤ ਹੈ। ਉਸ ਨੇ ਸਟੈਂਡ ਫਾਰ ਅਮਰੀਕਾ, ਇਕ ਸਿਆਸੀ ਕਮੇਟੀ ਦੀ ਸਥਾਪਨਾ ਕੀਤੀ ਹੈ। ਹੇਲੀ ਨੇ 8 ਨਵੰਬਰ ਦੀਆਂ ਮੱਧਕਾਲੀ ਚੋਣਾਂ ਵਿਚ 60 ਉਮੀਦਵਾਰਾਂ ਦਾ ਸਮਰਥਨ ਕੀਤਾ ਸੀ। ਉਨ੍ਹਾਂ ਨੇ ਇਸ ਚੋਣ ’ਚ ਕਰੀਬ 60 ਮਿਲੀਅਨ ਡਾਲਰ ਖ਼ਰਚ ਕੀਤੇ।