
ਪਾਕਿਸਤਾਨ ਦਿਵਸ ਮੌਕੇ ਸਿੱਖ ਡਾ. ਮਿਮਪਾਲ ਸਿੰਘ ਨੂੰ ‘ਪ੍ਰਾਈਡ ਆਫ ਪਾਕਿਸਤਾਨ’ ਟਾਈਟਲ ਨਾਲ ਸਨਮਾਨਿਤ ਕੀਤਾ ਗਿਆ।
ਲਾਹੌਰ: ਪਾਕਿਸਤਾਨ ਦਿਵਸ ਮੌਕੇ ਸਿੱਖ ਡਾ. ਮਿਮਪਾਲ ਸਿੰਘ ਨੂੰ ‘ਪ੍ਰਾਈਡ ਆਫ ਪਾਕਿਸਤਾਨ’ ਟਾਈਟਲ ਨਾਲ ਸਨਮਾਨਿਤ ਕੀਤਾ ਗਿਆ। ਡਾ. ਮਿਮਪਾਲ ਸਿੰਘ ਪਹਿਲੇ ਸਿੱਖ ਪ੍ਰੋਫ਼ੈਸਰ ਡਾਕਟਰ ਹਨ ਜਿਨ੍ਹਾਂ ਨੂੰ ‘ਫ਼ਖ਼ਰ ਏ ਪਾਕਿਸਤਾਨ’ ਨਾਲ ਨਿਵਾਜਿਆ ਗਿਆ। ਡਾ. ਮਿਮਪਾਲ ਸਿੰਘ ਨੇ ਮਾਇਓ ਹਸਪਤਾਲ ਵਿਖੇ ਨਿਓਨੈਟੋਲੋਜੀ ਯੂਨਿਟ ਸਥਾਪਿਤ ਕੀਤਾ ਹੈ। ਇਸ ਦੀ ਮਦਦ ਨਾਲ ਸਮੇਂ ਤੋਂ ਪਹਿਲਾਂ ਪੈਦਾ ਹੋਏ ਕਈ ਬੱਚਿਆਂ ਦੀ ਜਾਨ ਬਚਾਈ ਗਈ ਹੈ।
ਡਾ. ਮਿਮਪਾਲ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ। ਇਸ ਪ੍ਰਾਪਤੀ ਤੋਂ ਬਾਅਦ ਲਾਹੌਰ ਦੇ ਰਹਿਣ ਵਾਲੇ ਡਾ. ਮਿਮਪਾਲ ਸਿੰਘ ਨੂੰ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਮੌਜੂਦਾ ਸਮੇਂ ਵਿਚ ਡਾ. ਮਿਮਪਾਲ ਸਿੰਘ ਲਾਹੌਰ ਵਿਖੇ ਸਥਿਤ ਕਿੰਗ ਐਡਵਰਡ ਮੈਡੀਕਲ ਕਾਲਜ ਵਿਚ ਬਤੌਰ ਅਸਿਸਟੈਂਟ ਪ੍ਰੋਫੈਸਰ ਤਾਇਨਾਤ ਹਨ।