
ਯੂਨਾਈਟਡ ਸਿੱਖਜ਼ ਅਤੇ ਯੂ.ਕੇ. ਦੀ ਸੋਸ਼ਲ ਸਰਵੀਸਿਜ਼ ਦੇ ਡਾਇਰੈਕਟਰ ਨਰਪਿੰਦਰ ਕੌਰ ਮਾਨ ਦਾ ਕੀਤਾ ਧਨਵਾਦ
ਲੰਡਨ : ਯੂ.ਕੇ. ’ਚ ਆ ਕੇ ਬੇਘਰ ਹੋਏ ਜਤਿਨ ਸ਼ੁਕਲਾ ਨੂੰ ਇਕ ਸਮੇਂ ਅਪਣਾ ਭਵਿੱਖ ਗੁਆਚ ਗਿਆ ਲਗਦਾ ਸੀ ਅਤੇ ਉਸ ਦੀ ਜ਼ਿੰਦਗੀ ’ਚ ਕੋਈ ਦਿਸ਼ਾ ਜਾਂ ਉਮੀਦ ਨਹੀਂ ਰਹਿ ਗਈ ਸੀ। ਪਰ ਉਸ ਦੀ ਜ਼ਿੰਦਗੀ ਨੇ ਉਦੋਂ ਇਕ ਮੋੜ ਲਿਆ ਜਦੋਂ ਕਿਸੇ ਨੇ ਉਸ ਨੂੰ ਯੂਨਾਈਟਿਡ ਸਿੱਖਸ ਯੂ.ਕੇ. ਬਾਰੇ ਦਸਿਆ ਗਿਆ ਅਤੇ ਉਹ ਉਨ੍ਹਾਂ ਦੀ ਸ਼ਰਨ ’ਚ ਆਇਆ।
ਲੰਡਨ ਦੇ ਸਾਊਥਾਲ ’ਚ ਪਾਰਕ ਐਵੀਨਿਊ ਵਿਖੇ ਸ੍ਰੀ ਗਰੂ ਸਿੰਘ ਸਭਾ ਗੁਰਦੁਆਰਾ ’ਚ ਸਥਿਤ ਯੂਨਾਈਟਿਡ ਸਿੱਖਸ ਦੀ ਟੀਮ ਅਤੇ ਯੂ.ਕੇ. ਦੀ ਸੋਸ਼ਲ ਸਰਵੀਸਿਜ਼ ਦੇ ਡਾਇਰੈਕਟਰ ਨਰਪਿੰਦਰ ਕੌਰ ਮਾਨ ਨੇ ਉਸ ਨੂੰ ਉਸ ਦੀ ਮਰਜ਼ੀ ਅਨੁਸਾਰ ਭਾਰਤ ਵਾਪਸ ਭੇਜਣ ਦਾ ਪ੍ਰਬੰਧ ਕਰਨ ਲਈ ਅਣਥੱਕ ਮਿਹਨਤ ਕੀਤੀ, ਜਿਸ ਨਾਲ ਉਸ ਨੂੰ ਸਿਹਤਯਾਬ ਹੋਣ ਅਤੇ ਨਵੀਂ ਸ਼ੁਰੂਆਤ ਦਾ ਮੌਕਾ ਮਿਲਿਆ। ਸੜਕਾਂ ’ਤੇ ਜ਼ਿੰਦਗੀ ਜੀਣ ਤੋਂ ਬਿਮਾਰ ਹੋਏ ਜਤਿਨ ਨੂੰ ਅਪਣੀ ਜਾਨ ਗੁਆਉਣ ਦਾ ਖਤਰਾ ਸੀ। ਪਰ ਅੱਜ, ਉਹ ਸੁਰੱਖਿਅਤ, ਤੰਦਰੁਸਤ ਹੈ, ਅਤੇ ਭਾਰਤ ’ਚ ਅਪਣੀ ਜ਼ਿੰਦਗੀ ਦਾ ਮੁੜ ਨਿਰਮਾਣ ਕਰ ਰਿਹਾ ਹੈ। ਇਹ ਉਸ ਨੂੰ ਯੂਨਾਈਟਡ ਸਿੱਖਸ ਵਲੋਂ ਮਿਲੀ ਹਮਦਰਦੀ ਅਤੇ ਸਹਾਇਤਾ ਦਾ ਅਸਰ ਹੈ।
ਯੂ.ਕੇ. ਤੋਂ ਤੁਰਨ ਲਗਿਆਂ ਉਸ ਨੇ ਕਿਹਾ, ‘‘ਮੈਂ ਪਿਛਲੇ ਕਈ ਮਹੀਨਿਆਂ ਤੋਂ ਐਵੇਂ ਯੂ.ਕੇ. ’ਚ ਧੱਕੇ ਖਾ ਰਿਹਾ ਸੀ। ਮੇਰੇ ਕੋਲ ਰਹਿਣ ਦੀ ਥਾਂ ਨਹੀਂ ਸੀ, ਦੋਸਤਾਂ ਨੇ ਵੀ ਜਵਾਬ ਦੇ ਦਿਤਾ ਸੀ। ਕਦੇ ਸੜਕਾਂ ’ਤੇ ਸੌਣਾ, ਕਦੇ ਕਿਤੇ ਸੌਣਾ। ਮੈਨੂੰ ਕਾਫੀ ਸਮਾਂ ਬਾਅਦ ਜਾ ਕੇ ਯੂਨਾਈਟਿਡ ਸਿੱਖਜ਼ ਵਾਲਿਆਂ ਬਾਰੇ ਪਤਾ ਲੱਗਿਆ ਕਿ ਉਹ ਮੇਰੇ ਵਰਗੇ ਲੋਕਾਂ ਦੀ ਮਦਦ ਕਰਦੇ ਹਨ। ਬੱਚਿਆਂ ਦੀ ਵੀ ਮਦਦ ਕਰਦੇ ਹਨ ਜਿਨ੍ਹਾਂ ਨੂੰ ਇਥੇ ਤੰਗ-ਪਰੇਸ਼ਾਨ ਕੀਤਾ ਜਾਂਦਾ ਹੋਵੇ, ਤਾਕਿ ਉਹ ਅਪਣੇ ਘਰ ਵਾਪਸ ਜਾ ਸਕਣ, ਜਿਨ੍ਹਾਂ ਕੋਲ ਟਿਕਟ ਜੋਗੇ ਵੀ ਪੈਸੇ ਨਹੀਂ। ਮੈਂ ਕੁੱਝ ਸਮਾਂ ਪਹਿਲਾਂ ਹੀ ਇਨ੍ਹਾਂ ਨੂੰ ਮਿਲਿਆ, ਇਨ੍ਹਾਂ ਨੂੰ ਅਪਣੀ ਸਮੱਸਿਆ ਦੱਸੀ ਤੇ ਇਨ੍ਹਾਂ ਨੇ ਮੇਰੇ ਨਾਲ ਬਹੁਤ ਵਧੀਆ ਸਲੂਕ ਕੀਤਾ।’’
ਨਰਪਿੰਦਰ ਕੌਰ ਮਾਨ ਦਾ ਧਨਵਾਦ ਕਰਦਿਆਂ ਜਤਿਨ ਸ਼ੁਕਲਾ ਨੇ ਕਿਹਾ, ‘‘ਮੈਡਮ ਜੀ ਦੀ ਬਦੌਲਤ ਮੈਂ ਅਪਣੇ ਘਰ ਖੁਸ਼ੀ-ਖੁਸ਼ੀ ਜਾ ਰਿਹਾ ਹਾਂ ਨਹੀਂ ਤਾਂ ਮੇਰੇ ਏਨਾ ਬੁਰਾ ਹਾਲ ਸੀ ਕਿ ਬਾਹਰ ਸੌਣ ਨਾਲ ਮੇਰਾ ਸਰੀਰ ਹੀ ਡਿਫੈਕਸ਼ਨ ਨਾਲ ਭਰ ਗਿਆ ਸੀ। ਜੇ ਮੈਨੂੰ ਯੂਨਾਈਟਡ ਸਿੱਖਜ਼ ਬਾਰੇ ਪਤਾ ਨਾ ਲਗਦਾ ਤਾਂ ਸ਼ਾਇਦ ਮੇਰੀ ਹੁਣ ਤਕ ਮੌਤ ਹੋ ਗਈ ਹੁੰਦੀ। ਪਰ ਰੱਬ ਨੇ ਮੈਨੂੰ ਸਹੀ ਰਾਸਤਾ ਵਿਖਾਇਆ। ਕੱਲ ਮੈਂ ਭਾਰਤ ਵਾਪਸ ਜਾ ਰਿਹਾ ਹਾਂ। ਰੱਬ ਇਨ੍ਹਾਂ ਦੇ ਸਿਰ ’ਤੇ ਮਿਹਰ ਭਰਿਆ ਹੱਥ ਰੱਖੇ।’’
ਨਰਪਿੰਦਰ ਕੌਰ ਮਾਨ ਨੇ ਜਤਿਨ ਨੂੰ ਭਾਰਤ ਵਾਪਸੀ ਦੀ ਟਿਕਟ, ਪਾਸਪੋਰਟ ਅਤੇ ਹਵਾਈ ਅੱਡੇ ਤੋਂ ਜਾਣ ਲਈ ਹੋਰ ਜ਼ਰੂਰੀ ਚੀਜ਼ਾਂ ਦਿਤੀਆਂ। ਉਨ੍ਹਾਂ ਨੇ ਜਤਿਨ ਨੂੰ 3000 ਪਾਊਂਡ ਵੀ ਦਿਤੇ ਜੋ ਭਾਰਤ ਆ ਕੇ ਉਹ ਕਢਵਾ ਸਕਦਾ ਹੈ।