
ਸਮਾਜਸੇਵੀ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਨੌਜਵਾਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਨੂਰਮਹਿਲ : ਰੁਜ਼ਗਾਰ ਦੇ ਸਿਲਸਿਲੇ ’ਚ ਆਬੂਧਾਬੀ ਦੀ ਇਕ ਪ੍ਰਾਈਵੇਟ ਕੰਪਨੀ ’ਚ ਕੰਮ ਕਰਨ ਗਏ 100 ਪੰਜਾਬੀ ਉੱਥੇ ਫਸ ਗਏ ਹਨ ਕਿਉਂਕਿ ਉਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਹੈ ਤੇ ਹੁਣ ਉਹਨਾਂ ਨੂੰ ਪਾਸਪੋਰਟ ਵਾਪਸ ਨਹੀਂ ਦਿੱਤੇ ਜਾ ਰਹੇ। ਇਸ ਮਾਮਲੇ ਵਿਚ ਇਕ ਸਮਾਜਸੇਵੀ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਨੌਜਵਾਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ’ਚ ਕਿਹਾ ਗਿਆ ਹੈ ਕਿ ਸਕੁਏਅਰ ਜਨਰਲ ਕੰਟ੍ਰੈਕਟਿੰਗ ਕੰਪਨੀ ਆਬੂਧਾਬੀ ਨੇ 100 ਪੰਜਾਬੀਆਂ ਨੂੰ ਕੰਮ ਤੋਂ ਕੱਢ ਦਿੱਤਾ ਹੈ ਤੇ ਹੁਣ ਪਾਸਪੋਰਟ ਵਾਪਸ ਨਹੀਂ ਕਰ ਰਹੀ, ਜਿਸ ਕਾਰਨ ਨੌਜਵਾਨ ਵਾਪਸ ਨਹੀਂ ਆ ਸਕਦੇ। ਵਿਦੇਸ਼ ਮੰਤਰੀ ਤੋਂ ਆਬੂਧਾਬੀ ਸਥਿਤ ਭਾਰਤੀ ਦੂਤਘਰ ਨੂੰ ਨਿਰਦੇਸ਼ ਦੇ ਕੇ ਇਹ ਮਾਮਲਾ ਅਮੀਰਾਤ ਦੇ ਅਧਿਕਾਰੀਆਂ ਕੋਲ ਉਠਾਉਣ ਦੀ ਬੇਨਤੀ ਕੀਤੀ ਗਈ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਕਰਮਚਾਰੀਆਂ ਨੇ ਭਾਰਤ ਪਰਤਣ ਲਈ ਆਨਲਾਈਨ ਅਪਲਾਈ ਕੀਤਾ ਹੈ ਪਰ ਪਾਸਪੋਰਟ ਨਾ ਹੋਣ ਕਾਰਨ ਉਹ ਨਹੀਂ ਆ ਸਕਦੇ।
ਉਨ੍ਹਾਂ ਦੇ ਮਾਤਾ-ਪਿਤਾ ਹਵਾਈ ਟਿਕਟ ਦਾ ਭੁਗਤਾਨ ਕਰਨ ਲਈ ਤਿਆਰ ਹਨ ਪਰ ਕੰਪਨੀ ਪਾਸਪੋਰਟ ਵਾਪਸ ਨਹੀਂ ਕਰ ਰਹੀ ਹੈ। ਇਸ ਮਾਮਲੇ ਵਿਚ ਕੇਂਦਰ ਨੂੰ ਵੀ ਦਖ਼ਲ ਦੇਣ ਅਤੇ ਉੱਥੇ ‘ਹੈਲਪ ਡੈਸਕ’ ਖੋਲ੍ਹਣ ਦੀ ਅਪੀਲ ਕੀਤੀ ਹੈ। ਸਮਾਜਸੇਵੀ ਨੇ ਇਸ ਪੱਤਰ ਦੀ ਕਾਪੀ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਭੇਜ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਸ ਮਾਮਲੇ ’ਚ ਮਦਦ ਕਰਨ ਦੀ ਅਪੀਲ ਕੀਤੀ ਹੈ।