
ਰਾਜ ਚੌਹਾਨ ਲਗਾਤਾਰ 5ਵੀਂ ਵਾਰ ਬਰਨਬੀ ਐਡਮੰਡਜ਼ ਤੋਂ ਐਨਡੀਪੀ ਉਮੀਦਵਾਰ ਵਜੋਂ ਜੇਤੂ ਰਹੇ
ਸਰੀ : ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਵਿਚ ਪੰਜਾਬੀ ਮੂਲ ਦੇ ਅੱਠ ਉਮੀਦਵਾਰਾਂ ਨੇ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ ਹਨ, ਜਿਨ੍ਹਾਂ ਦੇ ਨਤੀਜੇ ਐਤਵਾਰ ਨੂੰ ਐਲਾਨੇ ਗਏ ਹਨ। ਬਹੁਤੇ ਪੰਜਾਬੀ ਸਰੀ ਖੇਤਰ ਤੋਂ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੀ ਟਿਕਟ 'ਤੇ ਜਿੱਤੇ ਹਨ। ਰਾਜ ਚੌਹਾਨ, ਲਗਾਤਾਰ 5ਵੀਂ ਵਾਰ ਬਰਨਬੀ ਐਡਮੰਡਜ਼ ਤੋਂ ਐਨਡੀਪੀ ਉਮੀਦਵਾਰ ਵਜੋਂ ਜੇਤੂ ਰਹੇ। ਚੌਹਾਨ ਕੈਨੇਡੀਅਨ ਫ਼ਾਰਮ ਵਰਕਰ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਹਨ।
Liberal party
ਉਨ੍ਹਾਂ ਨੇ ਲਿਬਰਲ ਪਾਰਟੀ ਦੀ ਤ੍ਰਿਪਤ ਅਟਵਾਲ ਨੂੰ ਹਰਾਇਆ। ਤ੍ਰਿਪਤ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਅਟਵਾਲ ਦੀ ਬੇਟੀ ਹੈ। ਸਾਬਕਾ ਬਾਸਕਟਬਾਲ ਖਿਡਾਰੀ ਜਗਰੂਪ ਸਿੰਘ ਬਰਾੜ ਸਰੀ ਫ਼ਲੀਟਵੁਡ ਤੋਂ ਦੁਬਾਰਾ ਚੁਣੇ ਗਏ ਹਨ। ਉਨ੍ਹਾਂ ਨੇ ਲਿਬਰਲ ਪਾਰਟੀ ਦੇ ਗੈਰੀ ਥਿੰਦ ਨੂੰ ਹਰਾਇਆ।
Charanjit Singh Atwal
ਬਰਾੜ ਬਠਿੰਡਾ ਜ਼ਿਲ੍ਹੇ ਦੇ ਦਿਉਣ ਦੇ ਹਨ। ਇਕ ਹੋਰ ਪੰਜਾਬੀ ਰਵੀ ਕਾਹਲੋਂ ਡੈਲਟਾ ਨਾਰਥ ਤੋਂ ਐਨਡੀਪੀ ਦੇ ਉਮੀਦਵਾਰ ਵਜੋਂ ਦੁਬਾਰਾ ਚੁਣੇ ਗਏ ਹਨ। ਪੰਜਾਬੀ ਲੇਖਕ ਡਾ. ਰਘਬੀਰ ਸਿੰਘ ਦੀ ਧੀ ਰਚਨਾ ਸਿੰਘ ਨੂੰ ਐਨਡੀਪੀ ਦੀ ਟਿਕਟ 'ਤੇ ਸਰੀ ਗ੍ਰੀਨ ਟਿੰਬਰਲੈਂਡ ਤੋਂ ਚੁਣਿਆ ਗਿਆ ਹੈ। ਉਨ੍ਹਾਂ ਲਿਬਰਲ ਪਾਰਟੀ ਦੇ ਦਿਲਰਾਜ ਅਟਵਾਲ ਨੂੰ ਹਰਾਇਆ।
Jinny Sims
ਹੈਰੀ ਬੈਂਸ ਸਰੀ ਨਿਊਟੋਨ ਤੋਂ ਐਨਡੀਪੀ ਦੀ ਟਿਕਟ 'ਤੇ ਪੰਜਵੀਂ ਵਾਰ ਮੁੜ ਚੁਣੇ ਗਏ। ਉਨ੍ਹਾਂ ਲਿਬਰਲ ਪਾਰਟੀ ਦੇ ਪਾਲ ਬੋਪਾਰਾਏ ਨੂੰ ਹਰਾਇਆ। ਐਨਡੀਪੀ ਦੇ ਉਮੀਦਵਾਰ ਅਮਨ ਸਿੰਘ ਨੇ ਕੁਈਨਜ਼ਬਰੋ ਦੇ ਰਿਚਮੰਡ ਤੋਂ ਲਿਬਰਲ ਪਾਰਟੀ ਦੇ ਜੱਸ ਜੌਹਲ ਨੂੰ ਹਰਾਇਆ। ਐਨਡੀਪੀ ਦੇ ਜਿੰਨੀ ਸਿੰਸ ਅਤੇ ਨਿੱਕੀ ਸ਼ਰਮਾ ਕ੍ਰਮਵਾਰ ਸਰੀ ਪੈਨੋਰੋਮਾ ਅਤੇ ਵੈਨਕੂਵਰ ਹੇਸਟਿੰਗਜ਼ ਤੋਂ ਜਿੱਤੇ। ਜਿੰਨੀ ਦੁਬਾਰਾ ਚੁਣੇ ਗਏ ਹਨ ਅਤੇ ਉਸ ਨੇ ਲਿਬਰਲ ਪਾਰਟੀ ਦੀ ਗੁਲਜ਼ਾਰ ਚੀਮਾ ਨੂੰ ਹਰਾਇਆ।
Jas Johal
ਬੀਸੀ ਵਿਧਾਨ ਸਭਾ ਦੀਆਂ 87 ਸੀਟਾਂ ਲਈ ਭਾਰਤੀ ਮੂਲ ਦੇ 22 ਉਮੀਦਵਾਰ ਚੋਣ ਮੈਦਾਨ ਵਿਚ ਸਨ। 2017 ਵਿਚ ਸੱਤ ਪੰਜਾਬੀਆਂ ਨੂੰ ਬੀਸੀ ਵਿਧਾਨ ਸਭਾ ਲਈ ਚੁਣਿਆ ਗਿਆ ਸੀ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੀਆਂ ਚੋਣਾਂ 'ਚ ਐਨ ਡੀ ਪੀ ਪਾਰਟੀ ਨੇ ਮੁੜ ਜਿੱਤ ਹਾਸਲ ਕੀਤੀ ਹੈ। ਜੌਹਨ ਹੌਰਗਨ ਦੁਬਾਰਾ ਇਸ ਸੂਬੇ ਦੇ ਪ੍ਰੀਮੀਅਰ ਹੋਣਗੇ। ਇਸ ਪਾਰਟੀ ਨੇ ਕੁਲ 87 ਸੀਟਾਂ 'ਚੋਂ 55 'ਤੇ ਜਿੱਤ ਹਾਸਲ ਕਰ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ।