
84 ਸਾਲਾ ਜਗਜੀਤ ਸਿੰਘ ਕਥੂਰੀਆ ਨੇ 13 ਖੇਡਾਂ ਵਿਚ ਲਿਆ ਹਿੱਸਾ ਤੇ 12 'ਚ ਹਾਸਲ ਕੀਤੇ ਇਨਾਮ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਆਸਟਰੇਲੀਆ ਦੇ ਸ਼ਹਿਰ ਪਰਥ ਵਿਖੇ 18ਵੀਂ ਮਾਸਟਰਜ਼ ਗੇਮਜ਼ ਦਾ ਆਯੋਜਨ 23 ਅਪ੍ਰੈਲ ਤੋਂ 30 ਅਪ੍ਰੈਲ ਤਕ ਕੀਤਾ ਜਾ ਰਿਹਾ ਹੈ |
ਨਿਊਜ਼ੀਲੈਂਡ ਵਸਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਖ਼ੁਸ਼ੀ ਹੋਵੇਗੀ ਕਿ ਸ. ਜਗਜੀਤ ਸਿੰਘ ਕਥੂਰੀਆਂ ਉਮਰ 84 ਸਾਲ, ਜਿਹੜੇ ਪਹਿਲਾਂ ਵੀ ਮਾਸਟਰ ਗੇਮਾਂ ਵਿਚ ਭਾਗ ਲੈ ਕੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗ਼ੇ ਜਿੱਤਦੇ ਰਹੇ ਹਨ, ਨੇ ਇਸ ਵਾਰ ਫਿਰ ਆਸਟਰੇਲੀਆ ਜਾ ਮਾਸਟਰ ਗੇਮਾਂ ਵਿਚ ਭਾਗ ਲੈ ਕੇ ਅਪਣੇ ਆਪ ਨੂੰ ਗੋਲਡਨ ਬਾਬਾ ਸਾਬਤ ਕਰ ਦਿਤਾ ਹੈ ਅਤੇ ਅਪਣੇ ਨਿਜੀ ਸ਼ੌਕ ਨਾਲ ਨਿਊਜ਼ੀਲੈਂਡ ਵਸਦੀ ਭਾਰਤੀ ਕਮਿਊਨਿਟੀ ਦਾ ਮਾਣ ਵਧਾਇਆ ਹੈ |
jagjit singh kathuria
ਮਾਸਟਰ ਖੇਡਾਂ ਵਿਚ ਭਾਗ ਲੈਣ ਦਾ ਸਫ਼ਰ ਉਨ੍ਹਾਂ 2019 ਵਿਚ ਸ਼ੁਰੂ ਕੀਤਾ ਸੀ | ਇਸ ਵਾਰ ਉਹ ਦੂਜੀ ਵਾਰ ਅੰਤਰਰਾਸ਼ਟਰੀ ਪੱਧਰ 'ਤੇ ਆਸਟਰੇਲੀਆ ਗਏ ਹਨ | ਇਸ ਵਾਰ ਉਨ੍ਹਾਂ ਨੇ 13 ਐਥਲੈਟਿਕਸ ਖੇਡਾਂ ਵਿਚ ਭਾਗ ਲਿਆ ਅਤੇ 12 ਵਿਚ ਇਨਾਮ ਹਾਸਲ ਕਰ ਲਿਆ |
18th Masters Games
ਉਨ੍ਹਾਂ ਨੇ 1500 ਮੀਟਰ ਪੈਦਲ ਦੌੜ, ਜੈਵਲਿਨ ਥ੍ਰੋਅ, ਹੈਮਰ ਥ੍ਰੋਅ, ਸ਼ਾਟ ਪੁੱਟ, ਥ੍ਰੋਅ ਪੈਨਟਾਥਲੋਨ, ਲੰਬੀ ਛਾਲ, ਤੀਹਰੀ ਛਾਲ, ਡਿਸਕਸ ਥ੍ਰੋਅ, ਵੇਟ ਥ੍ਰੋਅ, 200 ਮੀਟਰ ਦੌੜ, 60 ਮੀਟਰ ਦੌੜ, 100 ਮੀਟਰ ਦੌੜ ਵਿਚ ਹਿੱਸਾ ਲਿਆ ਅਤੇ ਤਮਗ਼ੇ ਹਾਸਲ ਕੀਤੇ | 3000 ਮੀਟਰ ਦੌੜ ਵਿਚ 10 ਮਿੰਟ ਲੇਟ ਹੋਣ ਕਾਰਨ ਉਨ੍ਹਾਂ ਨੂੰ ਹਿੱਸਾ ਨਹੀਂ ਲੈਣ ਦਿਤਾ ਗਿਆ |