
ਪੱਗ ਉਤਾਰਨ ਤੋਂ ਇਨਕਾਰ ਕਰਨ ’ਤੇ ਅਮਰੀਕਾ ਦੇ ਡੈਨਵਰ ਏਅਰਪੋਰਟ ’ਤੇ ਸਾਨੂੰ ਰੋਕਿਆ ਗਿਆ
ਪ੍ਰਸਿੱਧ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਕਥਿਤ ਤੌਰ ’ਤੇ ਅਮਰੀਕਾ ਦੇ ਇਕ ਹਵਾਈ ਅੱਡੇ ’ਤੇ ਜਾਂਚ ਲਈ ਪੱਗ ਉਤਾਰਨ ਲਈ ਕਿਹਾ ਗਿਆ, ਜਿਸ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਪੰਜ ਘੰਟਿਆਂ ਤਕ ‘ਖੱਜਲ ਖੁਆਰੀ’ ਮਗਰੋਂ ਵਾਪਸ ਮੁੜਨਾ ਪਿਆ। ਉਨ੍ਹਾਂ ਸੋਸ਼ਲ ਮੀਡੀਆ ’ਤੇ ਅਪਣੇ ਨਾਲ ਹੋਈ ਵਾਪਰੀ ਇਸ ਘਟਨਾ ਬਾਰੇ ਦਸਦਿਆਂ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਨੂੰ ਅਮਰੀਕਾ ਸਰਕਾਰ ਕੋਲ ਪੱਗ ਦਾ ਮੁੱਦਾ ਚੁੱਕਣ ਲਈ ਕਿਹਾ।
ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਉਨ੍ਹਾਂ ਕਿਹਾ, ‘‘ਸਾਨੂੰ ਆਖਿਆ ਗਿਆ ਕਿ ਪੱਗਾਂ ਲਾਹ ਕੇ ਚੈਕਿੰਗ ਕਰਾਉ, ਐਸਾ ਨਾ ਕਰਨ ਦੀ ਸੂਰਤ ’ਚ ਤੁਹਾਨੂੰ ਜਹਾਜ਼ ਨਹੀ ਚੜ੍ਹਨ ਦਿਤਾ ਜਾਵੇਗਾ। ਪਰ ਅਸੀਂ ਪੱਗਾਂ ਲਾਹੁਣ ਤੋਂ ਇਨਕਾਰ ਕਰਦਿਆਂ ਕਿਹਾ ਜਹਾਜ਼ ਤਾਂ ਕੀ ਅਸੀਂ ਪੱਗ ਦੀ ਖਾਤਰ ਅਮਰੀਕਾ ਛੱਡ ਕੇ ਚਲੇ ਜਾਵਾਂਗੇ, ਸਾਨੂੰ ਸਾਡੀ ਜਾਨ ਤੋਂ ਪਿਆਰੀ ਪੱਗ ਹੀ ਹੈ। ਜਿਸ ਕਰਕੇ ਸਾਡੀਆਂ ਟਿਕਟਾਂ ਰੱਦ ਕਰ ਦਿਤੀਆਂ ਗਈਆਂ।’’
ਉਨ੍ਹਾਂ ਅੱਗੇ ਕਿਹਾ, ‘‘ਅਮਰੀਕਾ ਦੀਆਂ ਸਿੱਖ ਸੰਸਥਾਵਾਂ ਨੂੰ, ਸਿੰਘ ਸਭਾਵਾਂ, ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਇਸ ਗੰਭੀਰ ਮਸਲੇ ’ਤੇ ਤੁਰਤ ਅਮਰੀਕਾ ਸਰਕਾਰ ਨਾਲ ਸੰਪਰਕ ਕਰ ਕੇ ਦੋ ਟੁੱਕ ਗੱਲ ਕਰਨ। ਗੱਲ ਪੱਗ ਦੀ ਹੈ, ਸਿੱਖੀ ਹੋਂਦ ਦੀ ਹੈ, ਜੇ ਪੱਗ ਹੀ ਨਾ ਰਹੀ ਫਿਰ ਸਿਰ ਵੀ ਕਿਸੇ ਕੰਮ ਨਹੀਂ। ਫਿਰ ਕਮੀ ਕਿੱਥੇ ਹੈ ਕਸੂਰਵਾਰ ਕੌਣ ਸਰਕਾਰ, ਏਅਰਪੋਰਟ ਅਥਾਰਿਟੀ, ਜਾਂ ਸਿੱਖ ਆਗੂ ਸਿੱਖ ਜਥੇਬੰਦੀਆਂ? ਗੁਰਦੁਆਰਾ ਕਮੇਟੀਆਂ? ਅੱਜ ਸਾਡੇ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਹੋਊ। ਇਹ ਜਲੀਲ ਪੁਣਾ ਹੈ। ਪੰਜ ਘੰਟੇ ਖੱਜਲ ਖੁਆਰੀ ਹੋਈ। ਫਲਾਈਟ ਛੁੱਟ ਗਈ, ਸਮਾਨ ਅਗਲੇ ਪਾਸੇ ਚਲਾ ਗਿਆ, ਪ੍ਰਵਾਰ ਵਲੋਂ ਉਲੀਕਿਆ ਪ੍ਰੋਗਰਾਮ ਰੱਦ ਹੋਇਆ। ਸਿੱਖ ਸੰਗਤ ਪ੍ਰੇਸ਼ਾਨ ਹੋਈ।’’