
ਸਿੱਖ ਆਗੂਆਂ ਦਾ ਕਹਿਣਾ ਹੈ ਕਿ ਉਹ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈ ਕੇ ਇਸ ਮਾਮਲੇ ਦੀ ਡੂੰਘਾਈ ਤੱਕ ਜਾਣਗੇ |
ਮਿਲਾਨ - ਉੱਤਰੀ ਇਟਲੀ ਦੇ ਜ਼ਿਲ੍ਹਾ ਆਲੇਸਾਂਦਰੀਆਂ ਦੇ ਕਸਬਾ ਤੋਰਟੋਨਾ ਵਿਖੇ ਇਕ ਦਸਤਾਰਧਾਰੀ ਸਿੱਖ ਬੱਚੇ ਉੱਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਸਲੀ ਹਮਲਾ ਕੀਤਾ ਗਿਆ ਅਤੇ ਉਸ ਦੀ ਕੁੱਟਮਾਰ ਕੀਤੀ ਗਈ ਜੋ ਕਿ ਮੰਦਭਾਗੀ ਖ਼ਬਰ ਹੈ। ਇਟਾਲੀਅਨ ਮੀਡੀਆ ਮੁਤਾਬਕ 13 ਸਾਲਾ ਸਿੱਖ ਬੱਚੇ ਉੱਪਰ ਪਿਛਲੇ 15 ਦਿਨਾਂ ਵਿਚ ਇਸ ਕਰਕੇ ਦੂਜੀ ਵਾਰ ਹਮਲਾ ਹੋਇਆ ਹੈ, ਕਿਉਂਕਿ ਉਹ ਆਪਣੇ ਸਿਰ ਉੱਪਰ ਦਸਤਾਰ ਸਜਾਉਂਦਾ ਸੀ ਅਤੇ ਦੂਜਿਆਂ ਨਾਲੋਂ ਅਲੱਗ ਦਿਸਦਾ ਸੀ।
Sikh Boy
ਜਾਣਕਾਰੀ ਮੁਤਾਬਿਕ ਇਹ ਸਿੱਖ ਬੱਚਾ ਇਸ ਵੇਲੇ ਹਸਤਪਾਲ ਵਿਚ ਹੈ, ਜਿਸ ਨਾਲ 4 ਗੋਰਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਸਿੱਖ ਪਰਿਵਾਰ ਵੱਲੋਂ ਇਸ ਕੁੱਟਮਾਰ ਦੀ ਸਾਰੀ ਜਾਣਕਾਰੀ ਸਥਾਨਕ ਪੁਲਸ ਅਤੇ ਸ਼ਹਿਰ ਦੇ ਮੇਅਰ ਨੂੰ ਦੇ ਦਿੱਤੀ ਗਈ ਹੈ, ਜਿਨ੍ਹਾਂ ਨੇ ਸਿੱਖ ਬੱਚੇ ਨਾਲ ਕੁੱਟਮਾਰ ਕਰਨ ਵਾਲਿਆਂ ਨੂੰ ਕਾਨੂੰਨੀ ਦਾਇਰੇ ਵਿਚ ਲੈ ਕੇ ਸਬਕ ਸਿਖਾਉਣ ਦੀ ਗੱਲ ਕਹੀ ਹੈ। ਇਟਲੀ ਵਿਚ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਜਦੋਂ ਅਜਿਹੇ ਸ਼ਰਾਰਤੀ ਅਨਸਰਾਂ ਵੱਲੋਂ ਕਿਸੇ ਕੇਸਧਾਰੀ ਸਿੱਖ 'ਤੇ ਹਮਲਾ ਕੀਤਾ ਗਿਆ ਹੋਵੇ।
ਜ਼ਿਕਰਯੋਗ ਹੈ ਕਿ ਥੋੜ੍ਹੇ ਦਿਨ ਪਹਿਲਾਂ ਹੀ ਰੋਮ ਦੇ ਨਾਲ ਲੱਗਦੇ ਕਸਬਾ ਆਂਸੀਓ ਵਿਚ ਵੀ ਕੰਮ ਤੋਂ ਵਾਪਸ ਘਰ ਪਰਤ ਰਹੇ ਪੰਜਾਬੀ ਨੌਜਵਾਨਾਂ ਉੱਪਰ ਇਕ ਗਰੁੱਪ ਵੱਲੋਂ ਹਮਲਾ ਕੀਤਾ ਗਿਆ ਸੀ। ਇਟਲੀ ਵਿਚ ਭਾਰਤੀਆਂ ਉੱਪਰ ਹੋ ਰਹੇ ਨਸਲੀ ਹਮਲਿਆਂ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਵੀ ਹਰਕਤ ਵਿਚ ਆ ਚੁੱਕੀਆਂ ਹਨ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਉਹ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈ ਕੇ ਇਸ ਮਾਮਲੇ ਦੀ ਡੂੰਘਾਈ ਤੱਕ ਜਾਣਗੇ |