
ਬਰਤਾਨੀਆ 'ਚ ਅਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਹੇਠ 28 ਸਾਲ ਦੀ ਸਜ਼ਾ ਭੁਗਤ ਰਿਹਾ ਭਾਰਤੀ ਮੂਲ ਦਾ ਐਨ.ਆਰ.ਆਈ ਕੈਦੀ ਹਰਪ੍ਰੀਤ ਔਲਖ (40)............
ਅੰਮ੍ਰਿਤਸਰ : ਬਰਤਾਨੀਆ 'ਚ ਅਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਹੇਠ 28 ਸਾਲ ਦੀ ਸਜ਼ਾ ਭੁਗਤ ਰਿਹਾ ਭਾਰਤੀ ਮੂਲ ਦਾ ਐਨ.ਆਰ.ਆਈ ਕੈਦੀ ਹਰਪ੍ਰੀਤ ਔਲਖ (40) ਨੂੰ ਹੁਣ ਭਾਰਤ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਜਿਥੇ ਉਹ ਬਾਕੀ ਰਹਿੰਦੀ 20 ਸਾਲ ਸਜ਼ਾ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਫ਼ਤਾਹਪੁਰ ਵਿਖੇ ਭੁਗਤੇਗਾ ਜਦਕਿ 8 ਸਾਲ ਦੀ ਉਹ ਬਰਤਾਨੀਆ ਦੀ ਜੇਲ੍ਹ 'ਚ ਕੱਟ ਚੁੱਕਾ ਹੈ। ਭਾਰਤ-ਬਰਤਾਨੀਆ 'ਚ ਆਪਸੀ ਕੈਦੀ ਤਬਦੀਲ ਕਰਨ ਦੀ ਸੰਧੀ ਐਕਟ ਤਹਿਤ ਤਬਦੀਲ ਕੀਤੇ ਜਾ ਰਹੇ ਕੈਦੀ ਦਾ ਇਹ ਪਹਿਲਾ ਕੌਮਾਂਤਰੀ ਮਾਮਲਾ ਹੈ ਜਿਸ ਤਹਿਤ ਉਹ ਭਾਰਤ ਲਿਆਂਦਾ ਜਾ ਰਿਹਾ ਹੈ।
ਲੰਡਨ ਦੀ ਜੰਮਪਲ ਔਰਤ ਅਤੇ ਦੋ ਬੱਚਿਆਂ ਦੀ ਮਾਂ ਗੀਤਾ ਔਲਖ ਦਾ 16 ਨਵੰਬਰ 2009 ਨੂੰ ਉਸ ਦੇ ਪਤੀ ਵਲੋਂ ਹੋਰ ਸਾਥੀਆਂ ਨਾਲ ਰਲ ਕੇ ਕਤਲ ਕੀਤੇ ਜਾਣ ਉਰਪੰਤ ਉਹ ਅਪਣੀ 28 ਸਾਲ ਦੀ ਸਜ਼ਾ ਭੁਗਤ ਰਿਹਾ ਸੀ ਜਿਸ ਨੇ ਉਕਤ ਆਪਸੀ ਕੈਦੀ ਤਬਦੀਲੀ ਐਕਟ ਤਹਿਤ ਹੋਈ ਸੰਧੀ ਦੇ ਮੱਦੇਨਜ਼ਰ ਬਰਤਾਨੀਆ ਸਰਕਾਰ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਦਰਖਾਸਤ ਦਿਤੀ ਸੀ ਕਿ ਉਹ ਬਾਕੀ ਰਹਿੰਦੀ 20 ਸਾਲ ਦੀ ਸਜ਼ਾ ਅਪਣੇ ਦੇਸ਼ ਭਾਰਤ ਵਿਚ ਭੁਗਤਣਾ ਚਾਹੁੰਦਾ ਹੈ।
ਜਿਸ ਉਪਰੰਤ ਅੰਮ੍ਰਿਤਸਰ ਜੇਲ੍ਹ ਵਲੋਂ ਇਤਰਾਜ਼ਹੀਣਤਾ ਸਰਟੀਫ਼ਿਕੇਟ ਜਾਰੀ ਕੀਤੇ ਜਾਣ ਉਪਰੰਤ ਹੁਣ ਉਸ ਨੂੰ ਅੱਜ ਬਰਤਾਨੀਆ ਪੁਲਿਸ ਦੀ ਇਕ ਟੀਮ ਕੌਮਾਂਤਰੀ ਹਵਾਈ ਅੱਡਾ ਦਿੱਲੀ ਲੈ ਕੇ ਪੁੱਜ ਰਹੀ ਹੈ ਜਿਥੇ ਉਹ ਬਕਾਇਦਾ ਕੈਦੀ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦੇਣਗੇ ਅਤੇ ਪੁਲਿਸ ਉਸ ਨੂੰ ਲੈ ਕੇ ਅੰਮ੍ਰਿਤਸਰ ਪੁੱਜੇਗੀ ਜਿਸ ਦੇ ਭਲਕੇ ਬੁੱਧਵਾਰ ਨੂੰ ਪੁੱਜਣ ਦੀ ਸੰਭਾਵਨਾ ਹੈ।
ਅੰਮ੍ਰਿਤਸਰ ਜੇਲ੍ਹ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ ਨੇ ਪੁਸ਼ਟੀ ਕਰਦਿਆਂ ਦਸਿਆ ਕਿ ਉਹ ਭਾਵੇਂ ਕੌਮਾਂਤਰੀ ਸੰਧੀ ਕਾਨੂੰਨ ਤਹਿਤ ਲਿਆਂਦਾ ਜਾ ਰਿਹਾ ਹੈ ਕੈਦੀ ਹੈ ਪਰ ਉਹ ਆਮ ਕੈਦੀਆਂ ਵਾਂਗ ਹੀ ਇਥੇ ਅਪਣੀ ਸਜ਼ਾ ਕੱਟੇਗਾ ਅਤੇ ਉਸ ਨਾਲ ਕੋਈ ਰਿਆਇਤ ਨਹੀਂ ਵਰਤੀ ਜਾਵੇਗੀ।