
ਕਸ਼ਮੀਰੀ ਸਿੱਖਾਂ ਦੇ ਮਨਾਂ ਅੰਦਰ ਅੱਜ ਵੀ ਦਹਿਸ਼ਤਗਰਦੀ ਦਾ ਖ਼ੌਫ਼ ਪੂਰੀ ਤਰ੍ਹਾਂ ਬਰਕਰਾਰ ਹੈ, ਕਿਉਂਕਿ ਸੂਬੇ ਦੀਆਂ ਸਰਕਾਰਾਂ ਨੇ ਕਸ਼ਮੀਰੀ ਸਿੱਖਾਂ ਨੂੰ ਹਮੇਸ਼ਾ
ਕਸ਼ਮੀਰੀ ਸਿੱਖਾਂ ਦੇ ਮਨਾਂ ਅੰਦਰ ਅੱਜ ਵੀ ਦਹਿਸ਼ਤਗਰਦੀ ਦਾ ਖ਼ੌਫ਼ ਪੂਰੀ ਤਰ੍ਹਾਂ ਬਰਕਰਾਰ ਹੈ, ਕਿਉਂਕਿ ਸੂਬੇ ਦੀਆਂ ਸਰਕਾਰਾਂ ਨੇ ਕਸ਼ਮੀਰੀ ਸਿੱਖਾਂ ਨੂੰ ਹਮੇਸ਼ਾ ਢਾਲ ਦੇ ਤੌਰ ’ਤੇ ਵਰਤਿਆ ਹੈ। ਮੌਜੂਦਾ ਸਮੇਂ ਜੰਮੂ-ਕਸ਼ਮੀਰ ਵਿਚ ਰਾਜਨੀਤਕ ਤੇ ਸਮਾਜਕ ਹਾਲਾਤ ਬਦਲ ਰਹੇ ਹਨ। ਪਰ ਫਿਰ ਵੀ ਸਿੱਖਾਂ ਦੇ ਮਨਾਂ ਵਿਚ ਸਰਕਾਰਾਂ ਸੁਰੱਖਿਆ ਦੀ ਭਾਵਨਾ ਪੈਦਾ ਨਹੀਂ ਕਰ ਸਕੀਆਂ। ਉਨ੍ਹਾਂ ਨੂੰ ਸੂਬੇ ਵਿਚ ਘੱਟ- ਗਿਣਤੀਆਂ ਦੇ ਸੰਵਿਧਾਨਕ ਹੱਕਾਂ ਤੋਂ ਵੀ ਵਾਂਝੇ ਰਖਿਆ ਜਾ ਰਿਹਾ ਹੈ। ਜੰਮੂ ਕਸ਼ਮੀਰ ਦੇ ਮੌਜੂਦਾ ਹਾਲਾਤ ਅਤੇ ਉਥੇ ਵਸਦੇ ਸਿੱਖ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਪੇਸ਼ ਹੈ ਆਰ.ਐਸ.ਖਾਲਸਾ ਦੀ ਵਿਸ਼ੇਸ਼ ਰਿਪੋਰਟ :
Jammu Kashmir
ਭਾਰਤ ਦੇ ਸਿਰ ਦਾ ਤਾਜ ਕਹੀ ਜਾਂਦੀ ਕਸ਼ਮੀਰ ਵਾਦੀ ਦੇ ਹਲਾਤ ਮੌਜੂਦਾ ਸਮੇਂ ਅੰਦਰ ਬੜੀ ਤੇਜ਼ੀ ਨਾਲ ਤਬਦੀਲ ਹੋ ਰਹੇ ਹਨ ਅਤੇ ਪਿਛਲੇ ਕੁੱਝ ਸਮੇਂ ਤੋਂ ਸਮੁੱਚੀ ਵਾਦੀ-ਏ-ਕਸ਼ਮੀਰ ਅੰਦਰ ਮੁੜ ਅਮਨ ਤੇ ਸ਼ਾਂਤੀ ਵਾਲਾ ਮਾਹੌਲ ਕਾਇਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ । ਪਰ ਇਸ ਦੇ ਬਾਵਜੂਦ ਕੇਂਦਰੀ ਸੁਰੱਖਿਆ ਫ਼ੋਰਸਾਂ ਦੀ ਛਾਂ ਹੇਠ ਅਪਣੀ ਜ਼ਿੰਦਗੀ ਜੀਅ ਰਹੇ ਕਸ਼ਮੀਰੀ ਸਿੱਖਾਂ ਦੇ ਮਨਾਂ ਅੰਦਰ ਅੱਜ ਵੀ ਦਹਿਸ਼ਤਗਰਦੀ ਵਾਲਾ ਪੁਰਾਣਾ ਖ਼ੌਫ਼ ਪੂਰੀ ਤਰ੍ਹਾਂ ਬਰਕਰਾਰ ਹੈ ਅਤੇ ਉਹ ਅਪਣੇ ਭਵਿੱਖ ਬਾਰੇ ਹਮੇਸ਼ਾ ਚਿੰਤਤ ਦਿਖਾਈ ਦਿੰਦੇ ਹਨ ।
File photo
ਇਸ ਮੁੱਦੇ ਸਬੰਧੀ ਜੰਮੂ ਕਸ਼ਮੀਰ ਵਿਚ ਵਸਦੇ ਸਿੱਖਾਂ ਦੇ ਹੱਕਾਂ ਦੀ ਹਮੇਸ਼ਾ ਰਾਖੀ ਕਰਨ ਤੇ ਅਪਣੀ ਜੁਝਾਰੂ ਅਵਾਜ਼ ਬੁਲੰਦ ਕਰਦੇ ਆਏ ਪ੍ਰਮੁੱਖ ਸਿੱਖ ਆਗੂ ਨਰਿੰਦਰ ਪਾਲ ਸਿੰਘ ਖ਼ਾਲਸਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕਸ਼ਮੀਰ ਵਾਦੀ ’ਚ ਵਸਦੇ 65 ਹਜ਼ਾਰ ਦੇ ਕਰੀਬ ਕਸ਼ਮੀਰੀ ਸਿੱਖ ਅਜ਼ਾਦੀ ਤੋਂ ਬਾਅਦ ਹੁਣ ਤਕ ਸਰਕਾਰੀ ਤੇ ਗ਼ੈਰ-ਸਰਕਾਰੀ ਏਜੰਸੀਆਂ ਦਰਮਿਆਨ ਚੱਲ ਰਹੀ ਆਪਸੀ ਕਸ਼ਮਾਕਸ਼ ਦਾ ਸ਼ਿਕਾਰ ਹੁੰਦੇ ਆਏ ਹਨ। ਬੇਸ਼ੱਕ ਪਿਛਲੇ ਅਰਸੇ ਦੌਰਾਨ ਦਹਿਸ਼ਤਗਰਦੀ ਦੇ ਮਹੌਲ ਕਾਰਨ ਵਾਦੀ ਵਿਚ ਰਹਿਣ ਵਾਲੇ 95 ਪ੍ਰਤੀਸ਼ਤ ਦੇ ਕਰੀਬ ਕਸ਼ਮੀਰੀ ਹਿੰਦੂ ਪਰਵਾਰ ਅਪਣਾ ਕਾਰੋਬਾਰ ਤੇ ਘਰ-ਬਾਰ ਛੱਡ ਕੇ ਜੰਮੂ ਸਮੇਤ ਦੇਸ਼ ਦੇ ਦੂਜੇ ਵੱਖ-ਵੱਖ ਭਾਗਾਂ ਵਿਚ ਜਾ ਵੱਸੇ ਹਨ।
File photo
ਪਰ ਇਸ ਦੇ ਬਾਵਜੂਦ ਕਸ਼ਮੀਰ ਵਾਦੀ ਵਿਚ ਵਸਦੇ ਘੱਟ ਗਿਣਤੀ ਦੇ ਸਿੱਖ ਪਰਵਾਰ ਬੜੀ ਹਿੰਮਤ ਤੇ ਦਲੇਰੀ ਨਾਲ ਸਖ਼ਤ ਹਾਲਾਤ ਦਾ ਸਾਹਮਣਾ ਕਰਦੇ ਆ ਰਹੇ ਹਨ। ਅਪਣੀ ਗੱਲਬਾਤ ਦੌਰਾਨ ਭਾਈ ਖ਼ਾਲਸਾ ਨੇ ਸਪੱਸ਼ਟ ਰੂਪ ਵਿਚ ਕਿਹਾ ਕਿ ਕਸ਼ਮੀਰ ਵਾਦੀ ਅੰਦਰ ਅਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਮੁਸਲਿਮ ਜਥੇਬੰਦੀਆਂ ਨੇ ਕਦੇ ਵੀ ਵਾਦੀ ਦੇ ਸਿੱਖਾਂ ਨੂੰ ਅਪਣਾ ਨਿਸ਼ਾਨਾ ਨਹੀਂ ਬਣਾਇਆ। ਖ਼ਾਸ ਕਰ ਕੇ ਸੰਨ 2000 ਵਿਚ ਹੋਏ ਛੱਤੀ ਸਿੰਘਪੁਰਾ ਕਾਂਡ ਤੋਂ ਬਾਅਦ ਵੀ ਇਨ੍ਹਾਂ ਨੇ ਸਰਕਾਰੀ ਦਹਿਸ਼ਤਗਰਦੀ ਦਾ ਵਿਰੋਧ ਕਰ ਰਹੇ ਵਾਦੀ ਦੇ ਸਿੱਖਾਂ ਨਾਲ ਅਪਣੀ ਹਮਦਰਦੀ ਦਾ ਪ੍ਰਗਟਾਵਾ ਕੀਤਾ ।
Kashmir
ਪਰ ਇਸ ਦੇ ਬਾਵਜੂਦ ਕਸ਼ਮੀਰ ਵਾਦੀ ਵਿਚ ਵਸਦੇ ਸਿੱਖਾਂ ਦੇ ਮਨਾਂ ਅੰਦਰ ਅੱਜ ਵੀ ਵਾਰ-ਵਾਰ ਉਜੜਨ ਦੀਆਂ ਚਿੰਤਾਵਾਂ ਉਨ੍ਹਾਂ ਦੇ ਚਿਹਰਿਆਂ ਉਤੇ ਸਾਫ਼ ਝਲਕਦੀਆਂ ਨਜ਼ਰ ਆਉਂਦੀਆਂ ਹਨ ਤੇ ਉਹ ਹਮੇਸ਼ਾ ਅਪਣੇ ਭਵਿੱਖ ਬਾਰੇ ਚਿੰਤਤ ਰਹਿੰਦੇ ਹਨ। ਇਸ ਦੌਰਾਨ ਕਸ਼ਮੀਰੀ ਸਿੱਖ ਨੌਜਵਾਨ ਮਨਜੀਤ ਸਿੰਘ ਨੇ ਅਪਣੀ ਗੱਲਬਾਤ ਦੌਰਾਨ ਕਿਹਾ ਕਿ ਸਮੁੱਚੀ ਸਿੱਖ ਕੌਮ ਦੇ ਹਿਤਾਂ ਦੀ ਰਾਖੀ ਕਰਨ ਵਾਲੀ ਸੰਸਥਾ ਸ਼੍ਰੋਮਣੀ ਕਮੇਟੀ ਕਸ਼ਮੀਰੀ ਸਿੱਖਾਂ ਦੀ ਸਮੇਂ-ਸਮੇਂ ’ਤੇ ਸਾਰ ਲੈਂਦੀ ਆਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਸਮੇਂ ਦੀ ਸਰਕਾਰ ਦੇ ਯਤਨਾਂ ਸਦਕਾ ਕਸ਼ਮੀਰ ਵਾਦੀ ਦੇ ਹਾਲਾਤ ਬਦਲ ਗਏ ਹਨ ਪਰ ਅੱਜ ਵੀ ਵਾਦੀ ਦੇ ਸਿੱਖ ਅਪਣੇ ਆਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ।
File photo
ਇਸ ਦੌਰਾਨ ਪਰਮੀਤ ਸਿੰਘ ਨੇ ਕਿਹਾ ਕਿ ਕਸ਼ਮੀਰ ਅੰਦਰ ਸ਼ਾਂਤੀ ਦੀ ਬਹਾਲੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵੱਖ-ਵੱਖ ਮਨੁੱਖੀ ਅਧਿਕਾਰ ਜੱਥੇਬੰਦੀਆਂ ਦੇ ਆਗੂਆਂ ਨੇ ਅਪਣੇ ਤੌਰ ’ਤੇ ਪੂਰੀ ਵਾਹ ਲਾਈ ਹੈ। ਪਰ ਇਹ ਸਾਰਾ ਕਾਰਜ ਓਨੀ ਦੇਰ ਤਕ ਸਿਰੇ ਨਹੀਂ ਚੜ੍ਹ ਸਕਦਾ ਜਿੰਨੀ ਦੇਰ ਤਕ ਕਸ਼ਮੀਰ ਵਾਦੀ ’ਚ ਵਸਦੀਆਂ ਘੱਟ ਗਿਣਤੀ ਕੌਮਾਂ ਨਾਲ ਧੱਕੇਸ਼ਾਹੀ ਨਹੀਂ ਰੁਕਦੀ। ਇਸ ਵਿਸ਼ੇ ’ਤੇ ਗੱਲਬਾਤ ਕਰਦਿਆਂ ਹੋਇਆਂ ਕਸ਼ਮੀਰ ਨਿਵਾਸੀ ਗੁਲਾਬ ਸਿੰਘ ਨੇ ਕਿਹਾ ਕਿ ਕਸ਼ਮੀਰੀ ਸਿੱਖਾਂ ਨੇ ਹਮੇਸ਼ਾ ਹੀ ਅਪਣੇ ਇਲਾਕੇ ਦੇ ਵਿਕਾਸ ਤੇ ਤਰੱਕੀ ਵਿਚ ਅਪਣਾ ਬਣਦਾ ਯੋਗਦਾਨ ਪਾਇਆ ਹੈ
File photo
ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਕਸ਼ਮੀਰੀ ਸਿੱਖਾਂ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ, ਜਿਸ ਕਾਰਨ ਅੱਜ ਕਸ਼ਮੀਰੀ ਸਿੱਖ ਅਪਣੇ ਹੀ ਸੂਬੇ ਅੰਦਰ ਖ਼ੁਦ ਨੂੰ ਬੇਗਾਨਾ ਸਮਝਣ ਲਈ ਮਜਬੂਰ ਹੋ ਰਹੇ ਹਨ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਕਸ਼ਮੀਰ ਵੈਲੀ ਦੇ ਸਿੱਖ ਹਮੇਸ਼ਾ ਹੀ ਵੱਡੇ ਇਮਤਿਹਾਨਾਂ ਵਿਚੋਂ ਗੁਜ਼ਰਦੇ ਆਏ ਹਨ, ਪਰ ਉਨ੍ਹਾਂ ਨੇ ਹਮੇਸ਼ਾ ਹੀ ਹਰ ਵੱਡੀ ਸਮੱਸਿਆ ਦਾ ਡੱਟ ਕੇ ਮੁਕਾਬਲਾ ਕੀਤਾ ਹੈ ਤੇ ਅਪਣੀ ਸਰਦਾਰੀ ਕਾਇਮ ਰੱਖੀ ਹੈ, ਜਿਸ ਕਾਰਨ ਅੱਜ ਵੀ ਸਮੁੱਚੀ ਕਸ਼ਮੀਰ ਵਾਦੀ ਅੰਦਰ ਸਿੱਖੀ ਦਾ ਝੰਡਾ ਪੂਰੀ ਤਰ੍ਹਾਂ ਬੁਲੰਦ ਹੈ।
Punjabi Language
ਇਸ ਸਬੰਧ ਵਿਚ ਸ਼੍ਰੀਨਗਰ ਦੇ ਰਹਿਣ ਵਾਲੇ ਦਾਰਾ ਸਿੰਘ ਨੇ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਾਦੀ ਦੇ ਸਿੱਖਾਂ ਦੇ ਹੱਕਾਂ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਨ ਲਈ ਸਮੇਂ ਦੀਆਂ ਸਰਕਾਰਾਂ ਵਲੋਂ ਸਿੱਖਾਂ ਦੇ ਸਭਿਆਚਾਰ ਅਤੇ ਮਾਂ ਬੋਲੀ ਪੰਜਾਬੀ ਨੂੰ ਪੂਰੀ ਤਰ੍ਹਾਂ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਹਨ ਜਿਸ ਕਾਰਨ ਵਾਦੀ ਦੇ ਸਿੱਖ ਅਪਣੇ ਆਪ ਅੰਦਰ ਬੇਗਾਨਗ਼ੀ ਦੀ ਭਾਵਨਾ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਤੇ ਸੂਬਾ ਸਰਕਾਰ ਕਸ਼ਮੀਰੀ ਸਿੱਖ ਨੌਜਵਾਨਾਂ ਦੀ ਸਾਰ ਲੈਣ ਲਈ ਪੂਰੀ ਤਰ੍ਹਾਂ ਸੁਹਿਰਦ ਹੈ ਤਾਂ ਉਸ ਨੂੰ ਅਪਣੀ ਸਿਆਸੀ ਸੋਚ ਬਦਲਣੀ ਪਵੇਗੀ ਅਤੇ ਪਹਿਲ ਦੇ ਅਧਾਰ ’ਤੇ ਘੱਟ ਗਿਣਤੀ ਨਾਲ ਸਬੰਧਤ ਕਸ਼ਮੀਰੀ ਸਿੱਖਾਂ ਲਈ ਨੌਕਰੀਆਂ ਅਤੇ ਉੱਚ ਵਿਦਿਆ ਲਈ ਯੂਨੀਵਰਸਿਟੀਆਂ ਅੰਦਰ ਰਾਖਵੀਆਂ ਸੀਟਾਂ ਰਖਣੀਆਂ ਚਾਹੀਦੀਆਂ ਹਨ, ਤਾਂ ਹੀ ਕਸ਼ਮੀਰ ਵੈਲੀ ਦੇ ਸਿੱਖ ਅਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ।
Jammu Kashmir
ਇਸੇ ਮੁੱਦੇ ’ਤੇ ਗਿਆਨੀ ਰਾਜਿੰਦਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਸਮੁੱਚੀ ਕਸ਼ਮੀਰ ਵਾਦੀ ਦੇ ਸਿੱਖ ਪੂਰੀ ਤਰ੍ਹਾਂ ਅਮਨ ਪੰਸਦ ਸ਼ਹਿਰੀ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਹੀ ਸੂਬੇ ਨੂੰ ਆਰਥਕ ਪੱਖੋਂ ਖੁਸ਼ਹਾਲ ਕਰਨ ਵਿਚ ਅਪਣਾ ਬਣਦਾ ਯੋਗਦਾਨ ਪਾਇਆ ਹੈ। ਪਰ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਜੰਮੂ ਕਸ਼ਮੀਰ ਦੀਆਂ ਸਰਕਾਰਾਂ ਨੇ ਸਦਾ ਹੀ ਕਸ਼ਮੀਰੀ ਸਿੱਖਾਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਅਤੇ ਉਨ੍ਹਾਂ ਨੂੰ ਆਰਥਕ ਪੱਖੋਂ ਵਿਸ਼ੇਸ਼ ਮਦਦ ਕਰਨ ਵਿਚ ਪੂਰੀ ਤਰ੍ਹਾਂ ਅਣਦੇਖੀ ਕੀਤੀ ਹੈ ਜਿਸ ਕਾਰਨ ਅੱਜ ਸਮੁੱਚੀ ਕਸ਼ਮੀਰ ਵਾਦੀ ਦੇ ਸਿੱਖ ਨੌਜਵਾਨ ਵੱਡੀ ਗਿਣਤੀ ਵਿਚ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ ਜੋ ਕਿ ਕਸ਼ਮੀਰੀ ਸਿੱਖ ਨੌਜਵਾਨਾਂ ਨਾਲ ਇਕ ਬਹੁਤ ਵੱਡਾ ਧੱਕਾ ਹੈ
Shiromani Akali Dal
ਕਿਉਂਕਿ ਜ਼ਿਆਦਾਤਰ ਸਰਕਾਰੀ ਨੌਕਰੀਆਂ ਬਹੁਗਿਣਤੀ ਨਾਲ ਸਬੰਧਤ ਲੋਕਾਂ ਨੂੰ ਹੀ ਮਿਲ ਰਹੀਆਂ ਹਨ ਜਿਸ ਕਰ ਕੇ ਸੂਬੇ ਦੀਆਂ ਘੱਟ-ਗਿਣਤੀ ਦੀਆਂ ਕੌਮਾਂ ਦੇ ਨੌਜਵਾਨਾਂ ਅੰਦਰ ਸਖ਼ਤ ਰੋਸ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਸ਼ਮੀਰ ਵਿਚ ਵਸਦੇ ਹੋਏ ਸਿੱਖਾਂ ਦੀ ਸਾਰ ਲੈਣ ਲਈ ਖੁੱਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ ਤਾਕਿ ਪਿਛਲੇ ਲੰਮੇ ਸਮੇਂ ਤੋਂ ਦਹਿਸ਼ਤਗਰਦੀ ਤੇ ਖ਼ੌਫ਼ ਦੇ ਮਾਹੌਲ ਅੰਦਰ ਅਪਣਾ ਜੀਵਨ ਬਸਰ ਕਰ ਰਹੇ ਕਸ਼ਮੀਰੀ ਸਿੱਖਾਂ ਨੂੰ ਵੀ ਅਪਣੇਪਣ ਦਾ ਅਹਿਸਾਸ ਹੋ ਸਕੇ।
Modi
ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਵਾਦੀ ਵਿਚ ਵਸਦੇ ਬਹੁਗਿਣਤੀ ਭਾਈਚਾਰੇ ਨਾਲ ਸਬੰਧਤ ਵੀਰਾਂ ਦੇ ਮਸਲਿਆਂ ਨੂੰ ਹੱਲ ਕਰਨ ਵਿਚ ਵਿਸ਼ੇਸ਼ ਰੁਚੀ ਦਿਖਾਉਂਦੇ ਹਨ ਤਾਂ ਉਨ੍ਹਾਂ ਨੂੰ ਵਾਦੀ ਦੀਆਂ ਘੱਟ ਗਿਣਤੀ ਦੀਆਂ ਕੌਮਾਂ ਖ਼ਾਸ ਕਰ ਕੇ ਵਾਦੀ ਦੇ ਸਿੱਖਾਂ ਨੂੰ ਵੀ ਅਪਣੇ ਗਲ ਨਾਲ ਲਗਾਉਣ ਲਈ ਖੁੱਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ ਤਾਕਿ ਪਿਛਲੇ ਲੰਮੇ ਅਰਸੇ ਤੋਂ ਦਹਿਸ਼ਤਗਰਦੀ ਦੀ ਹਨ੍ਹੇਰੀ ਦਾ ਸਾਹਮਣਾ ਕਰ ਰਹੇ ਵਾਦੀ ਦੇ ਸਿੱਖਾਂ ਨੂੰ ਵੀ ਰਾਹਤ ਪ੍ਰਾਪਤ ਹੋ ਸਕੇ।