
ਨਿਊਜੀਲੈਂਡ ਦੀ ਮਹਿਲਾ ਕ੍ਰਿਕੇਟ ਟੀਮ ਨੇ ਸ਼ੁੱਕਰਵਾਰ ਨੂੰ ਇਥੇ ਤੀਸਰੇ ਵਨਡੇ ਮੈਚ ਵਿਚ ਭਾਰਤ...
ਹੇਮੀਲਟਨ : ਨਿਊਜੀਲੈਂਡ ਦੀ ਮਹਿਲਾ ਕ੍ਰਿਕੇਟ ਟੀਮ ਨੇ ਸ਼ੁੱਕਰਵਾਰ ਨੂੰ ਇਥੇ ਤੀਸਰੇ ਵਨਡੇ ਮੈਚ ਵਿਚ ਭਾਰਤ ਨੂੰ ਅੱਠ ਵਿਕੇਟ ਨਾਲ ਕਰਾਰੀ ਹਾਰ ਦਿਤੀ। ਤਿੰਨ ਮੈਚਾਂ ਦੀ ਇਹ ਸੀਰੀਜ਼ 2 - 1 ਨਾਲ ਭਾਰਤ ਦੇ ਨਾਮ ਰਹੀ। ਮੇਜ਼ਬਾਨ ਟੀਮ ਦੀ ਪੈਟਰਸਨ ਨੂੰ ਪਲੇਅਰ ਆਫ਼ ਦ ਮੈਚ ਜਦੋਂ ਕਿ ਭਾਰਤ ਦੀ ਸਿਮਰਤੀ ਮੰਧਾਨਾ ਨੂੰ ਪਲੇਅਰ ਆਫ਼ ਦ ਸੀਰੀਜ਼ ਚੁਣਿਆ ਗਿਆ। ਸੈਡਨ ਪਾਰਕ ਮੈਦਾਨ ਉਤੇ ਖੇਡੇ ਗਏ ਤੀਸਰੇ ਮੁਕਾਬਲੇ ਵਿਚ ਮਹਿਮਾਨ ਟੀਮ ਨੇ ਨਿਊਜੀਲੈਂਡ ਨੂੰ 150 ਦੌੜਾਂ ਦਾ ਟੀਚਾ ਦਿਤਾ।
New Zealand Team
ਜਿਸ ਨੂੰ ਉਸ ਨੇ 29.2 ਓਵਰ ਵਿਚ ਦੋ ਵਿਕੇਟ ਦੇਕੇ ਹੀ ਹਾਸਲ ਕਰ ਲਿਆ। ਨਿਊਜੀਲੈਂਡ ਦੀ ਸ਼ੁਰੂਆਤ ਹਾਲਾਂਕਿ ਖ਼ਰਾਬ ਰਹੀ ਅਤੇ ਉਸ ਦਾ ਪਹਿਲਾ ਵਿਕੇਟ 22 ਦੌੜਾਂ ਦੇ ਕੁਲ ਸਕੋਰ ਉਤੇ ਹੀ ਡਿੱਗ ਗਿਆ। ਲੌਰੇਨ ਡਾਊਨ 10 ਦੌੜਾਂ ਦੇ ਨਿਜੀ ਸਕੋਰ ਉਤੇ ਰਨ ਆਊਟ ਹੋਈ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਬੈਟਸ (57) ਅਤੇ ਕਪਤਾਨ ਸਟਾਥਵੇਟੇ (ਨਾਬਾਦ 66) ਦੇ ਵਿਚ 84 ਦੌੜਾਂ ਦੀ ਅਹਿਮ ਸਾਂਝੇਦਾਰੀ ਹੋਈ।
India Team
ਬੈਟਸ ਨੂੰ ਆਊਟ ਕਰਕੇ ਪੂਨਮ ਯਾਦਵ ਨੇ ਇਸ ਸਾਂਝੇਦਾਰੀ ਨੂੰ ਤੋੜਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਚੌਥੇ ਨੰਬਰ ਉਤੇ ਬੱਲੇਬਾਜ਼ੀ ਕਰਨ ਆਈ ਸੋਫੀ ਡੇਵੀਨੇ ਨੇ ਕਪਤਾਨ ਦੇ ਨਾਲ ਮਿਲ ਕੇ ਅਪਣੀ ਟੀਮ ਨੂੰ ਜਿੱਤ ਦਿਵਾ ਦਿਤੀ। ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ 44 ਓਵਰ ਵਿਚ 149 ਦੌੜਾਂ ਉਤੇ ਹੀ ਢੇਰ ਹੋ ਗਈ।