
ਕਿਹਾ, ਰਣਜੀ ਟਰਾਫੀ ਵਰਗੇ ਪਹਿਲੇ ਦਰਜੇ ਦੇ ਟੂਰਨਾਮੈਂਟਾਂ ਨੂੰ ਬਚਾਉਣ ਲਈ ਇਹ ਜ਼ਰੂਰੀ ਕਦਮ ਹੈ
ਨਵੀਂ ਦਿੱਲੀ: ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਲੋਂ ਘਰੇਲੂ ਕ੍ਰਿਕਟ ਖੇਡਣ ਦੀ ਅਪਣੀ ਵਚਨਬੱਧਤਾ ਨੂੰ ਪੂਰਾ ਨਾ ਕਰਨ ਵਾਲੇ ਖਿਡਾਰੀਆਂ ਨੂੰ ਕੇਂਦਰੀ ਇਕਰਾਰਨਾਮਾ ਨਾ ਦੇਣ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੁੱਝ ਖਿਡਾਰੀਆਂ ਨੂੰ ਤਕਲੀਫ਼ ਹੋਵੇਗੀ ਤਾਂ ਹੋਣ ਦਿਉ ਕਿਉਂਕਿ ਦੇਸ਼ ਤੋਂ ਵਧ ਕੇ ਕੋਈ ਨਹੀਂ ਹੈ। ਕਪਿਲ ਨੇ ਇਹ ਵੀ ਕਿਹਾ ਕਿ ਰਣਜੀ ਟਰਾਫੀ ਵਰਗੇ ਪਹਿਲੇ ਦਰਜੇ ਦੇ ਟੂਰਨਾਮੈਂਟਾਂ ਨੂੰ ਬਚਾਉਣ ਲਈ ਇਹ ਜ਼ਰੂਰੀ ਕਦਮ ਹੈ।
ਈਸ਼ਾਨ ਕਿਸ਼ਨ ਅਤੇ ਸ਼੍ਰੇਅਸ ਅਈਅਰ ਨੂੰ ਬੁਧਵਾਰ ਨੂੰ 2023-24 ਸੀਜ਼ਨ ਲਈ ਬੀ.ਸੀ.ਸੀ.ਆਈ. ਦੀ ਕੇਂਦਰੀ ਇਕਰਾਰਨਾਮੇ ਵਾਲੇ ਖਿਡਾਰੀਆਂ ਦੀ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਇਸ ਫੈਸਲੇ ’ਤੇ ਰਲਵੀਆਂ-ਮਿਲਵੀਆਂ ਪ੍ਰਤੀਕਿਰਿਆਵਾਂ ਆਈਆਂ ਅਤੇ ਕੀਰਤੀ ਆਜ਼ਾਦ ਤੇ ਇਰਫਾਨ ਪਠਾਨ ਦੋਹਾਂ ਦੇ ਸਮਰਥਨ ’ਚ ਆਏ। ਹਾਲਾਂਕਿ ਕਪਿਲ ਨੇ ਕਿਸੇ ਦਾ ਨਾਮ ਲੈਣ ਤੋਂ ਪਰਹੇਜ਼ ਕੀਤਾ ਅਤੇ ਕਿਹਾ ਕਿ ਬੀ.ਸੀ.ਸੀ.ਆਈ. ਨੂੰ ਘਰੇਲੂ ਕ੍ਰਿਕਟ ਦੀ ਮਹੱਤਤਾ ਨੂੰ ਬਣਾਈ ਰੱਖਣ ਲਈ ਫੈਸਲਾ ਲੈਣਾ ਪਿਆ। ਉਨ੍ਹਾਂ ਕਿਹਾ, ‘‘ਹਾਂ, ਕੁੱਝ ਖਿਡਾਰੀਆਂ ਨੂੰ ਸਮੱਸਿਆਵਾਂ ਹੋਣਗੀਆਂ। ਕੁੱਝ ਨੂੰ ਤਕਲੀਫ਼ ਹੋਵੇਗੀ, ਹੋਣ ਦਿਉ, ਪਰ ਦੇਸ਼ ਤੋਂ ਵੱਡਾ ਕੋਈ ਨਹੀਂ ਹੈ। ਬਹੁਤ ਵਧੀਆ ਫੈਸਲਾ ਹੈ।’’
ਦੇਸ਼ ਨੂੰ 1983 ਵਿਸ਼ਵ ਕੱਪ ਦਿਵਾਉਣ ਵਾਲੇ ਕਪਤਾਨ ਨੇ ਅਪਣੇ ਬਿਆਨ ’ਚ ਕਿਹਾ, ‘‘ਮੈਂ ਬੀ.ਸੀ.ਸੀ.ਆਈ. ਨੂੰ ਘਰੇਲੂ ਕ੍ਰਿਕਟ ਦੀ ਸਥਿਤੀ ਬਚਾਉਣ ਲਈ ਜ਼ਰੂਰੀ ਕਦਮ ਚੁੱਕਣ ਲਈ ਵਧਾਈ ਦਿੰਦਾ ਹਾਂ। ਮੈਨੂੰ ਇਸ ਗੱਲ ਦਾ ਦੁੱਖ ਹੁੰਦਾ ਸੀ ਕਿ ਇਕ ਵਾਰ ਜਦੋਂ ਖਿਡਾਰੀਆਂ ਨੇ ਕੌਮਾਂਤਰੀ ਕ੍ਰਿਕਟ ਵਿਚ ਅਪਣੇ ਆਪ ਨੂੰ ਸਥਾਪਤ ਕੀਤਾ ਤਾਂ ਉਨ੍ਹਾਂ ਨੇ ਘਰੇਲੂ ਕ੍ਰਿਕਟ ਵਿਚ ਹਿੱਸਾ ਲੈਣਾ ਬੰਦ ਕਰ ਦਿੰਦੇ ਸਨ।’’
ਕੇਂਦਰੀ ਇਕਰਾਰਨਾਮੇ ਦਾ ਐਲਾਨ ਕਰਦੇ ਹੋਏ ਬੀ.ਸੀ.ਸੀ.ਆਈ. ਨੇ ਖਿਡਾਰੀਆਂ ਨੂੰ ਘਰੇਲੂ ਮੁਕਾਬਲਿਆਂ ਨੂੰ ਮਹੱਤਵ ਦੇਣ ਦੀ ਅਪੀਲ ਕੀਤੀ ਸੀ। ਦੇਸ਼ ਦੇ ਇਸ ਮਹਾਨ ਕ੍ਰਿਕੇਟਰ ਨੇ ਕਿਹਾ, ‘‘ਇਹ ਸੰਦੇਸ਼ ਪਹਿਲਾਂ ਹੀ ਭੇਜਿਆ ਜਾਣਾ ਚਾਹੀਦਾ ਸੀ। ਇਹ ਬੀ.ਸੀ.ਸੀ.ਆਈ. ਦਾ ਇਕ ਮਜ਼ਬੂਤ ਕਦਮ ਹੈ ਜੋ ਘਰੇਲੂ ਕ੍ਰਿਕਟ ਦੀ ਸ਼ਾਨ ਬਣਾਈ ਰੱਖਣ ਲਈ ਲਾਭਦਾਇਕ ਹੋਵੇਗਾ।’’ ਕਪਿਲ ਨੇ ਇਹ ਵੀ ਮੰਨਿਆ ਕਿ ਘਰੇਲੂ ਕ੍ਰਿਕਟ ਖੇਡਣਾ ਸਥਾਪਤ ਸਟਾਰ ਖਿਡਾਰੀਆਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਉਨ੍ਹਾਂ ਨੇ ਅਪਣੇ-ਅਪਣੇ ਸੂਬਿਆਂ ਲਈ ਖੇਡਦਿਆਂ ਸਫਲਤਾ ਦਾ ਆਨੰਦ ਮਾਣਿਆ ਹੈ।
ਉਨ੍ਹਾਂ ਕਿਹਾ, ‘‘ਮੈਂ ਹਮੇਸ਼ਾ ਇਸ ਪ੍ਰਕਿਰਿਆ ’ਚ ਵਿਸ਼ਵਾਸ ਕਰਦਾ ਹਾਂ ਕਿ ਕੌਮਾਂਤਰੀ ਖਿਡਾਰੀ ਅਪਣੇ-ਅਪਣੇ ਸੂਬਿਆਂ ਲਈ ਉਪਲਬਧ ਹੋਣ। ਇਹ ਘਰੇਲੂ ਖਿਡਾਰੀਆਂ ਨੂੰ ਉਨ੍ਹਾਂ ਦਾ ਸਮਰਥਨ ਪ੍ਰਾਪਤ ਕਰਨ ’ਚ ਮਦਦ ਕਰਦਾ ਹੈ। ਇਹ ਰਾਜ ਐਸੋਸੀਏਸ਼ਨ ਵਲੋਂ ਪ੍ਰਦਾਨ ਕੀਤੀਆਂ ਸੇਵਾਵਾਂ ਨੂੰ ਵਾਪਸ ਕਰਨ ਦਾ ਵੀ ਇਕ ਵਧੀਆ ਤਰੀਕਾ ਹੈ।’’ ਸਾਬਕਾ ਕ੍ਰਿਕਟਰਾਂ ਦੀ ਪੈਨਸ਼ਨ ਵਧਾਉਣ ਲਈ ਵੀ ਬੀ.ਸੀ.ਸੀ.ਆਈ. ਦਾ ਧੰਨਵਾਦ ਕੀਤਾ।