
ਉਹਨਾਂ ਨੇ ਟਵੀਟ ਕੀਤਾ ਹੈ ਕਿ 2022 ਵਿਚ ਉਹਨਾਂ ਨੇ ਕ੍ਰਿਕਟ ਵਿਚ 30 ਸਾਲ ਪੂਰੇ ਕਰ ਲਏ ਹਨ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਨਵੀਂ ਪਾਰੀ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਹਨ। ਉਹਨਾਂ ਨੇ ਟਵੀਟ ਕੀਤਾ ਹੈ ਕਿ 2022 ਵਿਚ ਉਹਨਾਂ ਨੇ ਕ੍ਰਿਕਟ ਵਿਚ 30 ਸਾਲ ਪੂਰੇ ਕਰ ਲਏ ਹਨ। ਇਸ ਸਮੇਂ ਦੌਰਾਨ ਕ੍ਰਿਕਟ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ।
ਸੌਰਵ ਗਾਂਗੁਲੀ ਨੇ ਕਿਹਾ, “ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਇਸ ਯਾਤਰਾ ਵਿਚ ਸਾਡੇ ਨਾਲ ਰਹੇ ਹਨ। ਅੱਜ ਮੈਂ ਨਵੀਂ ਪਾਰੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹਾਂ ਤਾਂ ਕਿ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰ ਸਕਾਂ। ਉਮੀਦ ਹੈ ਕਿ ਤੁਸੀਂ ਸਾਰੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋਗੇ”।
ਕਿਹਾ ਜਾ ਰਿਹਾ ਹੈ ਕਿ ਉਹ ਰਾਜਨੀਤੀ 'ਚ ਐਂਟਰੀ ਮਾਰ ਸਕਦੇ ਹਨ। ਆਪਣੇ ਟਵੀਟ 'ਚ ਗਾਂਗੁਲੀ ਨੇ ਸਪੱਸ਼ਟ ਤੌਰ 'ਤੇ ਇਹ ਨਹੀਂ ਦੱਸਿਆ ਕਿ ਉਹ ਕੀ ਕਰਨ ਜਾ ਰਹੇ ਹਨ। ਉਧਰ ਬੀਸੀਸੀਆਈ ਸਕੱਤਰ ਜੈ ਸ਼ਾਹ ਦੇ ਹਵਾਲੇ ਨਾਲ ਨਿਊਜ਼ ਏਜੰਸੀ ਨੇ ਦੱਸਿਆ ਹੈ ਕਿ ਸੌਰਵ ਗਾਂਗੁਲੀ ਨੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਹਾਲ ਹੀ ਵਿਚ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਉਦੋਂ ਤੋਂ ਹੀ ਉਹਨਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਹਨ।
ਪਿਛਲੇ ਸਾਲ ਬੰਗਾਲ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਗਾਂਗੁਲੀ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ। ਪਰ ਇਸ ਦੌਰਾਨ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ। ਭਾਜਪਾ ਵਿਚ ਸ਼ਾਮਲ ਹੋਣ ਅਤੇ ਅਮਿਤ ਸ਼ਾਹ ਨਾਲ ਡਿਨਰ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ 'ਤੇ ਗਾਂਗੁਲੀ ਨੇ ਕਿਹਾ ਸੀ ਕਿ ਮੈਂ ਅਮਿਤ ਸ਼ਾਹ ਨੂੰ 2008 ਤੋਂ ਜਾਣਦਾ ਹਾਂ। ਮੈਂ ਖਿਡਾਰੀ ਰਹਿੰਦੀਆਂ ਵੀ ਉਹਨਾਂ ਨੂੰ ਮਿਲਦਾ ਸੀ। ਇਸ ਤੋਂ ਵੱਧ ਕੁਝ ਨਹੀਂ ਹੈ।