
ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਮੰਗਲਵਾਰ ਨੂੰ ਚੇਨਈ ਪੁੱਜ ਗਈ।
ਚੇਨਈ: ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅਗਲੇ ਦੋ ਮਹੀਨੇ ਭਾਰਤੀ ਹਾਕੀ ਟੀਮ ਲਈ ਅਹਿਮ ਹੋਣਗੇ ਕਿਉਂਕਿ ਟੀਮ ਚੇਨਈ ’ਚ ਏਸ਼ੀਅਨ ਚੈਂਪੀਅਨਜ਼ ਟਰਾਫੀ ਅਤੇ ਫਿਰ ਚੀਨ ਦੇ ਹਾਂਗਜ਼ੂ ’ਚ ਏਸ਼ਿਆਈ ਖੇਡਾਂ ਖੇਡਣ ਦੀ ਤਿਆਰੀ ਕਰ ਰਹੀ ਹੈ। ਟੀਮ ਏਸ਼ੀਆਈ ਖੇਡਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਕਿਉਂਕਿ ਸੋਨ ਤਮਗਾ ਜਿੱਤਣ ਨਾਲ ਉਸ ਨੂੰ ਅਗਲੇ ਸਾਲ ਪੈਰਿਸ ’ਚ ਹੋਣ ਵਾਲੀਆਂ ਓਲੰਪਿਕ ਖੇਡਾਂ ’ਚ ਵੀ ਸਿੱਧਾ ਦਾਖ਼ਲਾ ਮਿਲ ਜਾਵੇਗਾ। ਭਾਰਤ ਨੇ ਟੋਕੀਉ ਓਲੰਪਿਕ ਖੇਡਾਂ ’ਚ ਕਾਂਸੀ ਦਾ ਤਮਗਾ ਜਿੱਤਿਆ ਸੀ ਅਤੇ ਪੈਰਿਸ ’ਚ ਇਸ ’ਚ ਸੁਧਾਰ ਕਰਨਾ ਚਾਹੇਗਾ।
ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਉਪ-ਕਪਤਾਨ ਹਾਰਦਿਕ ਸਿੰਘ ਨੇ ਮੰਗਲਵਾਰ ਨੂੰ ਏਸ਼ੀਅਨ ਚੈਂਪੀਅਨਜ਼ ਟਰਾਫੀ ਚੇਨਈ 2023 ਸਮੇਤ ਆਉਣ ਵਾਲੇ ਮਹੱਤਵਪੂਰਨ ਟੂਰਨਾਮੈਂਟਾਂ ਲਈ ਟੀਮ ਦੀਆਂ ਤਿਆਰੀਆਂ ਬਾਰੇ ਗੱਲਬਾਤ ਕੀਤੀ।
ਹਾਕੀ ਇੰਡੀਆ ਵਲੋਂ ਸ਼ੁਰੂ ਕੀਤੀ ਗਈ ਪੋਡਕਾਸਟ ਲੜੀ ‘ਹਾਕੀ ’ਤੇ ਚਰਚਾ’ ਦੇ ਤਾਜ਼ਾ ਐਪੀਸੋਡ ’ਚ, ਹਰਮਨਪ੍ਰੀਤ ਸਿੰਘ ਅਤੇ ਹਾਰਦਿਕ ਸਿੰਘ ਨੇ ਨੀਦਰਲੈਂਡ ਦੇ ਗੋਲਕੀਪਿੰਗ ਕੋਚ ਡੇਨਿਸ ਵੈਨ ਡੀ ਪੋਏਲ ਵਲੋਂ ਲਾਏ ਵਿਸ਼ੇਸ਼ ਕੈਂਪਾਂ ਦੀ ਮਹੱਤਤਾ ਬਾਰੇ ਗੱਲ ਕੀਤੀ ਅਤੇ ਨਾਲ ਹੀ ਮਾਨਸਿਕ ਸਿਹਤ ਕੰਡੀਸ਼ਨਿੰਗ ਕੋਚ ਪੈਡੀ ਅਪਟਨ ਦਾ ਜ਼ਿਕਰ ਕੀਤਾ।
ਉਸ ਨੇ ਕਿਹਾ, ‘‘ਇਹ ਸੱਚਮੁੱਚ ਮਹੱਤਵਪੂਰਨ ਹੈ। ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਤੋਂ ਸਿੱਖਣ ਨੂੰ ਪ੍ਰਾਪਤ ਕਰਦੇ ਹੋ ਜਿਸ ਕੋਲ ਬਹੁਤ ਸਾਰਾ ਤਜਰਬਾ ਹੈ, ਤਾਂ ਇਸ ਨਾਲ ਸਾਰਾ ਫ਼ਰਕ ਪੈਂਦਾ ਹੈ। ਅਸੀਂ ਬੈਂਗਲੁਰੂ ’ਚ ਪੈਡੀ ਅਤੇ ਡੈਨਿਸ ਨਾਲ ਚੰਗੇ ਸੈਸ਼ਨ ਕੀਤੇ ਹਨ। ਉਸਨੇ ਇੱਕ ਟੀਮ ਦੇ ਰੂਪ ’ਚ ਸਾਡੀ ਬਹੁਤ ਮਦਦ ਕੀਤੀ ਹੈ।’’
ਹਰਮਨਪ੍ਰੀਤ ਨੇ ਕਿਹਾ, “ਅਗਲੇ ਦੋ ਮਹੀਨੇ ਸਾਡੇ ਲਈ ਬਹੁਤ ਮਹੱਤਵਪੂਰਨ ਹਨ। ਏਸ਼ੀਅਨ ਚੈਂਪੀਅਨਜ਼ ਟਰਾਫੀ ਚੇਨਈ 2023 ’ਚ, ਸਾਡੇ ਕੋਲ ਹਾਂਗਜ਼ੂ ਏਸ਼ਿਆਈ ਖੇਡਾਂ ਤੋਂ ਪਹਿਲਾਂ ਮੈਚ ਖੇਡਣ ਦਾ ਮੌਕਾ ਹੈ। ਖਿਡਾਰੀਆਂ ਲਈ ਇਹ ਚੰਗਾ ਅਨੁਭਵ ਹੋਵੇਗਾ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਸੀਂ ਉਨ੍ਹਾਂ ਰਣਨੀਤੀਆਂ ਨੂੰ ਲਾਗੂ ਕਰੀਏ, ਮੈਨੂੰ ਯਕੀਨ ਹੈ ਕਿ ਇਹ ਟੂਰਨਾਮੈਂਟ ਖਿਡਾਰੀਆਂ ਲਈ ਮਦਦਗਾਰ ਹੋਵੇਗਾ। ਆਗਾਮੀ ਏਸ਼ੀਅਨ ਚੈਂਪੀਅਨਜ਼ ਟਰਾਫੀ, ਜੋ ਕਿ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਕੈਲੰਡਰ ਵਿਚ ਇਕ ਪ੍ਰਮੁੱਖ ਪ੍ਰੋਗਰਾਮ ਹੈ, ਪਹਿਲੀ ਵਾਰ ਭਾਰਤ ਵਿਚ ਕਰਵਾਈ ਜਾ ਰਹੀ ਹੈ।
ਪਾਕਿਸਤਾਨ ਦੀ ਹਾਕੀ ਟੀਮ ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜੀ
ਚੇਨਈ: ਪਾਕਿਸਤਾਨ ਦੀ ਹਾਕੀ ਟੀਮ ਵੀਰਵਾਰ ਨੂੰ ਸ਼ੁਰੂ ਹੋਣ ਵਾਲੀ ਏਸ਼ੀਆਈ ਚੈਂਪੀਅਨਜ਼ ਟਰਾਫ਼ ’ਚ ਹਿੱਸਾ ਲੈਣ ਲਈ ਮੰਗਲਵਾਰ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜ ਗਈ। ਏਸ਼ੀਆਈ ਚੈਂਪਅਨਜ਼ ਟਰਾਫ਼ ਭਾਰਤ ਅਤੇ ਪਾਕਿਸਤਾਨ ਵਿਚਕਾਰ ਚਿਰਉਡੀਕਵਾਂ ਮੈਚ 9 ਅਗੱਸਤ ਨੂੰ ਖੇਡਿਆ ਜਾਵੇਗਾ। ਪਾਕਿਸਤਾਨ ਦੀ ਟੀਮ ਸੜਕ ਰਸਤੇ ਅੰਮ੍ਰਿਤਸਰ ਪੁੱਜਣ ਮਗਰੋਂ ਜਹਾਜ਼ ਨਾਲ ਚੇਨਈ ਲਈ ਰਵਾਨਾ ਹੋਵੇਗੀ।
ਇਸ ਦੌਰਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਮੰਗਲਵਾਰ ਨੂੰ ਚੇਨਈ ਪੁੱਜ ਗਈ। ਭਾਰਤੀ ਟੀਮ ਵੀਰਵਾਰ ਨੂੰ ਚੀਨ ਵਿਰੁਧ ਮੈਚ ਤੋਂ ਪਹਿਲਾਂ ਬੁਧਵਾਰ ਨੂੰ ਮੇਅਰ ਰਾਧਾਕ੍ਰਿਸ਼ਣਨ ਹਾਕੀ ਸਟੇਡੀਅਮ ’ਚ ਅਭਿਆਸ ਕਰੇਗੀ। ਪਾਕਿਸਤਾਨ ਦੀ ਟੀਮ ਵੀ ਇਸੇ ਦਿਨ ਅਭਿਆਸ ਕਰੇਗੀ।
ਪਾਕਿਸਤਾਨ ਦੀ ਟੀਮ ਇਸ ਤਰ੍ਹਾਂ ਹੈ: ਮੁਹੰਮਦ ਉਮਰ ਭੱਟਾ (ਕਪਤਾਨ), ਅਕਮਲ ਹੁਸੈਨ, ਅਬਦੁੱਲਾ ਇਸ਼ਤਿਆਕ ਖਾਨ, ਮੁਹੰਮਦ ਅਬਦੁੱਲਾ, ਮੁਹੰਮਦ ਸੂਫੀਆਨ ਖਾਨ, ਅਹਿਤਸ਼ਾਮ ਅਸਲਮ, ਓਸਾਮਾ ਬਸ਼ੀਰ, ਅਕੀਲ ਅਹਿਮਦ, ਅਰਸ਼ਦ ਲਿਆਕਤ, ਮੁਹੰਮਦ ਇਮਾਦ, ਅਬਦੁਲ ਹਨਾਨ ਸ਼ਾਹਿਦ, ਜ਼ਕਰੀਆ ਹਯਾਤ, ਰਾਣਾ ਅਬਦੁਲ ਵਹੀਦ ਅਸ਼ਰਫ। (ਉਪ ਕਪਤਾਨ), ਰੋਮੀ, ਮੁਹੰਮਦ ਮੁਰਤਜ਼ਾ ਯਾਕੂਬ, ਮੁਹੰਮਦ ਸ਼ਾਹਜ਼ੇਬ ਖਾਨ, ਅਫਰਾਜ਼, ਅਬਦੁਲ ਰਹਿਮਾਨ
ਸਟੈਂਡਬਾਏ: ਅਲੀ ਰਜ਼ਾ, ਮੁਹੰਮਦ ਬਾਕੀਰ, ਮੁਹੰਮਦ ਨਦੀਮ ਖਾਨ, ਅਬਦੁਲ ਵਹਾਬ, ਵਕਾਰ ਅਲੀ, ਮੁਹੰਮਦ ਅਰਸਲਾਨ ਅਤੇ ਅਬਦੁਲ ਕਯੂਮ