
ਡੀ ਕਾਕ ਅਤੇ ਡੁਸਨ ਦੇ ਸੈਂਕੜਿਆਂ ਅਤੇ ਕੇਸ਼ਵ ਪ੍ਰਸਾਦ ਦੀਆਂ 4 ਤੇ ਮੈਕਰੋ ਜਾਨਸੇਨ ਦੀਆਂ 3 ਵਿਕਟਾਂ ਬਦੌਲ ਦੱਖਣੀ ਅਫਰੀਕਾ ਨੇ ਢਾਹੇ ਕੀਵੀ
South Africa beats New Zealand by 190 runs in Cricket World Cup 2023 match: ਦਖਣੀ ਅਫਰੀਕਾ ਨੇ ਕ੍ਰਿਕੇਟ ਵਿਸ਼ਵ ਕੱਪ ’ਚ ਖੇਡੇ ਅਪਣੇ ਸਤਵੇਂ ਲੀਗ ਮੈਚ ’ਚ ਨਿਊਜ਼ੀਲੈਂਡ ਨਾਲ ਨੂੰ 190 ਦੌੜਾਂ ਨਾਲ ਹਰਾ ਦਿਤਾ ਹੈ। ਨਿਊਜ਼ੀਲੈਂਡ ’ਤੇ ਦਖਣੀ ਅਫ਼ਰੀਕਾ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ 2017 ’ਚ ਦਖਣੀ ਅਫ਼ਰੀਕਾ ਨੇ ਵਾਲਿੰਗਟਨ ’ਚ ਨਿਊਜ਼ੀਲੈਂਡ ਨੂੰ 159 ਦੌੜਾਂ ਨਾਲ ਹਰਾਇਆ ਸੀ।
ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ ’ਤੇ ਦਖਣੀ ਅਫਰੀਕਾ ਨੇ ਚਾਰ ਵਿਕਟਾਂ ’ਤੇ 357 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ ’ਚ ਨਿਊਜ਼ੀਲੈਂਡ ਦੀ ਪੂਰੀ ਟੀਮ 35.3 ਓਵਰਾਂ ’ਚ 167 ਦੌੜਾਂ ਬਣਾ ਕੇ ਆਊਟ ਹੋ ਗਈ। ਸ਼ਾਨਦਾਰ ਫਾਰਮ ਵਿਚ ਚੱਲ ਰਹੇ ਕਵਿੰਟਨ ਡੀ ਕਾਕ ਅਤੇ ਰਾਸੀ ਵੈਨ ਡੇਰ ਡੁਸਨ ਨੇ ਮਿਲੇ ਜੀਵਨਦਾਨ ਦਾ ਫਾਇਦਾ ਉਠਾਉਂਦੇ ਹੋਏ ਸੈਂਕੜੇ ਜੜੇ, ਜਿਸ ਨਾਲ ਦਖਣੀ ਅਫਰੀਕਾ ਨੇ ਹੌਲੀ ਸ਼ੁਰੂਆਤ ਦੇ ਬਾਵਜੂਦ ਚਾਰ ਵਿਕਟਾਂ ’ਤੇ 357 ਦੌੜਾਂ ਬਣਾਈਆਂ।
ਡੀ ਕਾਕ ਨੇ 116 ਗੇਂਦਾਂ ’ਚ 10 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 114 ਦੌੜਾਂ ਬਣਾਈਆਂ। ਜਦਕਿ ‘ਪਲੇਅਰ ਆਫ਼ ਦ ਮੈਚ’ ਰਹੇ ਡੁਸੇਨ ਨੇ 118 ਗੇਂਦਾਂ ’ਚ 133 ਦੌੜਾਂ ਬਣਾਈਆਂ ਜਿਸ ’ਚ 9 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਦੋਹਾਂ ਨੇ ਦੂਜੀ ਵਿਕਟ ਲਈ 200 ਦੌੜਾਂ ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਤੋਂ ਇਲਾਵਾ ਉਪਰਲੇ ਕ੍ਰਮ ’ਚ ਬੱਲੇਬਾਜ਼ੀ ਲਈ ਭੇਜੇ ਗਏ ਡੇਵਿਡ ਮਿਲਰ ਨੇ 30 ਗੇਂਦਾਂ ’ਚ ਚਾਰ ਛੱਕਿਆਂ ਦੀ ਮਦਦ ਨਾਲ 53 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਦਖਣੀ ਅਫਰੀਕਾ ਨੇ ਆਖਰੀ 10 ਓਵਰਾਂ ’ਚ 119 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਟਿਮ ਸਾਊਥੀ ਨੇ 77 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਜਵਾਬ ’ਚ ਨਿਊਜ਼ੀਲੈਂਡ ਦੀ ਸ਼ੁਰੂਆ ਬਹੁਤ ਮਾੜੀ ਰਹੀ ਅਤੇ ਉਸ ਦਾ ਪਹਿਲਾਂ ਵਿਕੇਟ ਡੇਵਨ ਕੌਨਵੇ ਦੇ ਰੂਪ ’ਚ 8 ਦੇ ਸਕੋਰ ’ਤੇ ਹੀ ਡਿੱਗ ਗਿਆ। ਰਚਿਨ ਰਵਿੰਦਰਾ ਵੀ ਅੱਜ ਕੁਝ ਅਪਣਾ ਰੰਗ ਨਹੀਂ ਵਿਖਾ ਸਕੇ ਅਤੇ 9 ਦੇ ਸਕੋਰ ’ਤੇ ਆਊਟ ਹੋ ਗਏ। ਨਿਊਜ਼ੀਲੈਂਡ ਵਲੋਂ ਛੇਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਗਲੇਨ ਫ਼ਿਲੀਪਸ ਨੇ ਸਭ ਤੋਂ ਵੱਧ 60 ਦੌੜਾਂ ਬਣਾਈਆਂ। ਸਿਰਫ਼ ਤਿੰਨ ਬੱਲੇਬਾਜ਼ ਹੀ ਦਹਾਈ ਦੇ ਅੰਕੜੇ ਨੂੰ ਪਾਰ ਕਰ ਸਕੇ।
ਦਖਣੀ ਅਫ਼ਰੀਕੀ ਗੇਂਦਬਾਜ਼ਾਂ ’ਚੋਂ ਕੇਸ਼ਵ ਮਹਾਰਾਜ ਨੇ ਸਭ ਤੋਂ ਵੱਧ 4 ਵਿਕੇਟਾਂ ਲਈਆਂ ਜਦਕਿ ਮੈਕਰੋ ਜਾਨਸੇਨ ਨੇ 3, ਗੇਰਾਲਡ ਕੋਟਜ਼ੀ ਨੇ 2 ਅਤੇ ਕਾਗਿਸੋ ਰਬਾਡਾ ਨੇ 1 ਵਿਕੇਟ ਲਈ। ਇਸ ਜਿੱਤ ਦੇ ਨਾਲ ਹੀ ਦਖਣੀ ਅਫ਼ਰੀਕਾ ਅੰਕ ਤਾਲਿਕਾ ’ਚ ਸਭ ਤੋਂ ਵੱਧ ਅੰਕ ਲੈ ਕੇ ਸਿਖਰ ’ਤੇ ਪੁੱਜ ਗਿਆ ਹੈ। 7 ਮੈਚਾਂ ’ਚ ਛੇ ਜਿੱਤਾਂ ਨਾਲ ਉਸ ਦੇ ਭਾਰਤ ਦੇ ਬਰਾਬਰ 12 ਅੰਕ ਹਨ ਪਰ 2.290 ਦੀ ਬਿਹਤਰ ਰਨ ਰੇਟ ਦੀ ਬਦੌਲਤ ਉਹ ਸਿਖਰ ’ਤੇ ਹੈ।
(For more news apart from Cricket World Cup 2023, stay tuned to Rozana Spokesman)