ਉੱਤਰੀ ਕੋਲਕਾਤਾ ਦੇ ਰਹਿਣ ਵਾਲੇ ਅਨੀਸ਼ ਨੇ ਸਿਰਫ ਤਿੰਨ ਸਾਲ, ਅੱਠ ਮਹੀਨੇ ਅਤੇ 19 ਦਿਨ ਦੀ ਉਮਰ ’ਚ ‘FIDE ਰੇਟਿੰਗ’ ਹਾਸਲ ਕੀਤੀ
ਕੋਲਕਾਤਾ : ਜਿੱਥੇ ਉਸ ਦੀ ਉਮਰ ਦੇ ਜ਼ਿਆਦਾਤਰ ਬੱਚੇ ‘ਛੋਟਾ ਭੀਮ’ ਵਰਗੇ ਕਾਰਟੂਨ ਵੇਖਣ ਜਾਂ ਸਿਰਫ ਖਿਡੌਣਿਆਂ ਨਾਲ ਖੇਡਣ ’ਚ ਲੀਨ ਰਹਿੰਦੇ ਹਨ, ਉਥੇ ਹੀ ਅਨੀਸ਼ ਸਰਕਾਰ ਸ਼ਤਰੰਜ ਦੀ ਬਿਸਾਤ ’ਤੇ ਅਪਣਾ ਦਿਮਾਗ਼ ਦੌੜਾਉਂਦਾ ਹੈ ਜਿਸ ਨਾਲ ਸ਼ੁਕਰਵਾਰ ਨੂੰ ਉਸ ਨੇ ਇਕ ਨਵਾਂ ਰੀਕਾਰਡ ਬਣਾ ਲਿਆ।
ਉੱਤਰੀ ਕੋਲਕਾਤਾ ਦਾ ਰਹਿਣ ਵਾਲਾ ਅਨੀਸ਼ ਸਿਰਫ ਤਿੰਨ ਸਾਲ, ਅੱਠ ਮਹੀਨੇ ਅਤੇ 19 ਦਿਨ ਦੀ ਉਮਰ ’ਚ ‘ਫਿਡੇ ਰੇਟਿੰਗ’ ਹਾਸਲ ਕਰਨ ਵਾਲਾ ਦੁਨੀਆਂ ਦਾ ਸੱਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਅਨੀਸ਼ ਦਾ ਜਨਮ 26 ਜਨਵਰੀ 2021 ਨੂੰ ਹੋਇਆ ਸੀ। ਉਸ ਨੇ ਅਕਤੂਬਰ ’ਚ ਪਛਮੀ ਬੰਗਾਲ ਰਾਜ ਅੰਡਰ-9 ਓਪਨ ’ਚ ਸ਼ਤਰੰਜ ਦੀ ਸ਼ੁਰੂਆਤ ਕੀਤੀ ਸੀ। ਇਸ ਬੱਚੇ ਨੇ ਅਪਣੇ ਪਹਿਲੇ ਮੁਕਾਬਲੇ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ, ਸੰਭਾਵਤ ਅੱਠ ’ਚੋਂ 5.5 ਅੰਕ ਪ੍ਰਾਪਤ ਕੀਤੇ।
ਇਸ ਦੌਰਾਨ ਉਸ ਨੇ ਦੋ ਦਰਜਾ ਪ੍ਰਾਪਤ ਖਿਡਾਰੀਆਂ ਆਰਵ ਚੈਟਰਜੀ ਅਤੇ ਅਹਿਲਨ ਬੈਸ਼ਿਆ ਨੂੰ ਹਰਾਇਆ। ਉਹ ਕੁਲ ਮਿਲਾ ਕੇ 24ਵੇਂ ਸਥਾਨ ’ਤੇ ਰਿਹਾ। ਇਸ ਦੌਰਾਨ ਉਸ ਨੂੰ ਭਾਰਤ ਦੇ ਨੰਬਰ ਇਕ ਖਿਡਾਰੀ ਅਤੇ ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਅਰਜੁਨ ਏਰੀਗਾਸੀ ਦੇ ਵਿਰੁਧ ਖੇਡਣ ਦਾ ਮੌਕਾ ਵੀ ਮਿਲਿਆ।
ਅਨੀਸ਼ ਦਾ ਜਨਮ ਇਕ ਹੇਠਲੇ ਮੱਧ ਵਰਗੀ ਪਰਵਾਰ ’ਚ ਹੋਇਆ ਸੀ ਅਤੇ ਉਸ ਦੇ ਮਾਪਿਆਂ ਦਾ ਸ਼ਤਰੰਜ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਨੇ ਇਕ ਸਾਲ ਪਹਿਲਾਂ ਖੇਡਣਾ ਸ਼ੁਰੂ ਕੀਤਾ ਸੀ। ਸ਼ਤਰੰਜ ’ਚ ਉਸ ਦੀ ਦਿਲਚਸਪੀ ਨੂੰ ਵੇਖਦੇ ਹੋਏ, ਉਸ ਦੇ ਮਾਪੇ ਉਸ ਨੂੰ ਅਕੈਡਮੀ ’ਚ ਲੈ ਗਏ।
ਨਾਰਵੇ ਦੇ ਵਿਸ਼ਵ ਨੰਬਰ ਇਕ ਮੈਗਨਸ ਕਾਰਲਸਨ ਅਨੀਸ਼ ਦੇ ਆਦਰਸ਼ ਹਨ। ਬਰੂਆ ਉਸ ਨੂੰ ਆਉਣ ਵਾਲੇ ਟਾਟਾ ਸਟੀਲ ਕੋਲਕਾਤਾ ਸ਼ਤਰੰਜ ਟੂਰਨਾਮੈਂਟ ’ਚ ਮੈਦਾਨ ’ਚ ਉਤਾਰਨਾ ਚਾਹੁੰਦਾ ਹੈ। ਕਾਰਲਸਨ ਨੇ ਵੀ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ।