ਪਹਿਲਾਂ ਮਾਰਿਨ ਦੇ ਕੋਚ ਰਹਿੰਦਿਆਂ ਭਾਰਤੀ ਮਹਿਲਾ ਟੀਮ ਟੋਕੀਓ ਓਲੰਪਿਕ ਖੇਡਾਂ ’ਚ ਚੌਥੇ ਸਥਾਨ ’ਤੇ ਰਹੀ
ਨਵੀਂ ਦਿੱਲੀ: ਨੀਦਰਲੈਂਡ ਦੇ ਸੋਰਡ ਮਾਰਿਨ ਨੂੰ ਸ਼ੁਕਰਵਾਰ ਨੂੰ ਮੁੜ ਭਾਰਤੀ ਮਹਿਲਾ ਹਾਕੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ। ਉਹ ਦੂਜੀ ਵਾਰੀ ਇਹ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਕੋਚ ਰਹਿੰਦਿਆਂ ਭਾਰਤੀ ਮਹਿਲਾ ਟੀਮ ਟੋਕੀਓ ਓਲੰਪਿਕ ਖੇਡਾਂ ’ਚ ਚੌਥੇ ਸਥਾਨ ਉਤੇ ਰਹੀ ਸੀ। ਮਾਰਿਨ ਨੂੰ ਹਰਿੰਦਰ ਸਿੰਘ ਦੀ ਥਾਂ ਮੁੱਖ ਕੋਚ ਬਣਾਇਆ ਗਿਆ ਹੈ।
ਹਰਿੰਦਰ ਨੂੰ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਅਤੇ ‘ਕੋਚਿੰਗ ’ਚ ਮਨਮਰਜ਼ੀ ਵਾਲੇ ਰਵਈਏ’ ਦੇ ਦੋਸ਼ਾਂ ਕਾਰਨ ਅਸਤੀਫ਼ਾ ਦੇਣਾ ਪਿਆ ਸੀ। ਨੀਦਰਲੈਂਡ ਦੇ ਸਾਬਕਾ ਹਾਕੀ ਖਿਡਾਰੀ 51 ਸਾਲ ਦੇ ਮਾਰਿਨ 2017 ਤੋਂ 2021 ਤਕ ਭਾਰਤੀ ਮਹਿਲਾ ਟੀਮ ਨਾਲ ਜੁੜੇ ਰਹੇ ਸਨ।
