
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਦੀ ਬਾਤ' ਪ੍ਰੋਗਰਾਮ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਆਈ.ਸੀ.ਸੀ. ਵਿਸ਼ਵ ਕੱਪ 'ਚ ਵਧੀਆ ਪ੍ਰਦਰਸ਼ਨ ਦੀ ਮੁੜ ਸ਼ਲਾਘਾ ਕੀਤੀ ਅਤੇ ਕਿਹਾ ਕਿ
ਦਿੱਲੀ, 30 ਜੁਲਾਈ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਦੀ ਬਾਤ' ਪ੍ਰੋਗਰਾਮ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਆਈ.ਸੀ.ਸੀ. ਵਿਸ਼ਵ ਕੱਪ 'ਚ ਵਧੀਆ ਪ੍ਰਦਰਸ਼ਨ ਦੀ ਮੁੜ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਭਾਵੇਂ ਟੂਰਨਾਮੈਂਟ ਜਿਤਣ ਤੋਂ ਖੁੰਝ ਗਈਆਂ, ਪਰ ਅਪਣੀ ਖੇਡ ਨਾਲ 125 ਕਰੋੜ ਲੋਕਾਂ ਦਾ ਦਿਲ ਜਿਤਣ 'ਚ ਸਫ਼ਲ ਰਹੀਆਂ।
ਮੋਦੀ ਨੇ ਕਿਹਾ, ''ਸਾਡੀਆਂ ਕੁੜੀਆਂ ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਹਨ, ਨਵੇਂ-ਨਵੇਂ ਸ਼ਿਖ਼ਰਾਂ ਨੂੰ ਪ੍ਰਾਪਤ ਕਰ ਰਹੀਆਂ ਹਨ। ਹੁਣ ਪਿਛਲੇ ਦਿਨੀਂ ਸਾਡੀਆਂ ਕੁੜੀਆਂ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਵਧੀਆ ਪ੍ਰਦਰਸ਼ਨ ਕੀਤਾ। ਮੈਨੂੰ ਇਸ ਹਫ਼ਤੇ ਉਨ੍ਹਾਂ ਸਾਰੀਆਂ ਖਿਡਾਰਨ ਕੁੜੀਆਂ ਨਾਲ ਮਿਲਣ ਦਾ ਮੌਕਾ ਮਿਲਿਆ। ਉਨ੍ਹਾਂ ਨਾਲ ਗੱਲਾਂ ਕਰਕੇ ਮੈਨੂੰ ਬਹੁਤ ਵਧੀਆ ਲਗਿਆ, ਪਰ ਮੈਂ ਮਹਿਸੂਸ ਕਰ ਰਿਹਾ ਸੀ ਕਿ ਵਿਸ਼ਵ ਕੱਪ ਜਿਤ ਨਹੀਂ ਸਕੀਆਂ, ਜਿਸਦਾ ਉਨ੍ਹਾਂ 'ਤੇ ਬਹੁਤ ਵੱਡਾ ਬੋਝ ਸੀ। ਉਨ੍ਹਾਂ ਦੇ ਮੂੰਹ 'ਤੇ ਇਸਦਾ ਦਬਾਅ ਸੀ, ਤਣਾਅ ਸੀ।''
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹਾ ਪਹਿਲਾਂ ਕਦੇ ਵੇਖਣ ਨੂੰ ਨਹੀਂ ਮਿਲਿਆ, ਜਦੋਂ ਟੀਮ ਦੇ ਫ਼ਾਈਨਲ 'ਚ ਹਾਰਨ ਦੇ ਬਾਵਜੂਦ ਦੇਸ਼ਵਾਸੀਆਂ ਨੇ ਖਿਡਾਰੀਆਂ ਨੂੰ ਪਲਕਾਂ 'ਤੇ ਬਿਠਾਇਆ ਹੋਵੇ, ਇਹ ਸੁਖਦ ਬਦਲਾਅ ਹੈ।
ਉਨ੍ਹਾਂ ਕਿਹਾ, ''ਪਹਿਲੀ ਵਾਰੀ ਹੋਇਆ ਹੈ ਕਿ ਜਦੋਂ ਸਾਡੀਆਂ ਕੁੜੀਆਂ ਵਿਸ਼ਵ ਕੱਪ 'ਚ ਜਿਤ ਹਾਸਲ ਨਹੀਂ ਕਰ ਸਕੀਆਂ ਤਾਂ ਵੀ ਸਵਾ ਸੋ ਕਰੋੜ ਦੇਸ਼ ਵਾਸੀਆਂ ਨੇ ਉਸ ਹਾਰ ਨੂੰ ਅਪਣੇ ਸਿਰ 'ਤੇ ਲੈ ਗਿਆ। ਥੋੜ੍ਹਾ ਜਿਹਾ ਬੋਝ ਵੀ ਉਨ੍ਹਾਂ ਨੇ ਕੁੜੀਆਂ 'ਤੇ ਨਹੀਂ ਪੈਣ ਦਿਤਾ, ਇੰਨਾ ਹੀ ਨਹੀਂ, ਇਨ੍ਹਾਂ ਕੁੜੀਆਂ ਨੇ ਜੋ ਕੀਤਾ ਉਸਦਾ ਗੁਨਗਾਣ ਕੀਤਾ ਅਤੇ ਮਾਣ ਮਹਿਸੂਸ ਕੀਤਾ।''
ਮੋਦੀ ਨੇ ਕਿਹਾ, ''ਮੈਂ ਇਸਨੂੰ ਇਕ ਸੁਖਦ ਬਦਲਾਅ ਵਜੋਂ ਵੇਖਦਾ ਹਾਂ ਅਤੇ ਮੈਂ ਇਨ੍ਹਾਂ ਕੁੜੀਆਂ ਨੂੰ ਕਿਹਾ ਕਿ ਤੁਸੀ ਵੇਖੋ, ਅਜਿਹਾ ਸੁਭਾਗ ਸਿਰਫ਼ ਤੁਹਾਨੂੰ ਲੋਕਾਂ ਨੂੰ ਹੀ ਮਿਲਿਆ ਹੈ। ਤੁਸੀ ਅਪਣੇ ਮਨ ਵਿਚੋਂ ਕੱਢ ਦਿਓ ਕਿ ਤੁਸੀ ਸਫ਼ਲ ਨਹੀਂ ਹੋਈਆਂ। ਮੈਚ ਜਿਤਿਆ ਜਾਂ ਨਹੀਂ ਪਰ ਸਵਾ ਸੋ ਕਰੋੜ ਦੇਸ਼ ਵਾਸੀਆਂ ਦਾ ਦਿਲ ਜ਼ਰੂਰ ਜਿਤ ਲਿਆ ਹੈ।''
ਭਾਰਤੀ ਮਹਿਲਾ ਟੀਮ ਲਾਰਡਸ 'ਚ ਖੇਡੇ ਗਏ ਫਾਈਨਲ 'ਚ ਮੇਜ਼ਬਾਨ ਇੰਗਲੈਂਡ ਤੋਂ 9 ਦੌੜਾਂ ਦੇ ਫ਼ਰਕ ਨਾਲ ਹਾਰ ਗਈ ਸੀ। (ਪੀਟੀਆਈ)
ਪ੍ਰਧਾਨ ਮੰਤਰੀ ਨੇ ਟੀਮ ਨੂੰ ਫਾਈਨਲ 'ਚ ਪੁੱਜਣ 'ਤੇ ਵਧਾਈ ਦਿਤੀ ਸੀ। ਉਪਰੰਤ ਉਨ੍ਹਾਂ ਦੇ ਪ੍ਰਦਰਸ਼ਨ ਦੀ ਖ਼ੂਬ ਸ਼ਲਾਘਾ ਕੀਤੀ ਸੀ।