ਫ਼ੀਫ਼ਾ ਵਿਸ਼ਵ ਕੱਪ ਦੇ ਪ੍ਰੀ-ਕੁਆਰਟਰ ਫ਼ਾਈਨਲ ਵਿਚ ਅੱਜ ਦੋ ਮੈਚ ਖੇਡੇ ਜਾਣਗੇ
ਫ਼ੀਫ਼ਾ ਵਿਸ਼ਵ ਕੱਪ ਦੇ ਪ੍ਰੀ-ਕੁਆਰਟਰ ਫ਼ਾਈਨਲ ਵਿਚ ਅੱਜ ਦੋ ਮੈਚ ਖੇਡੇ ਜਾਣਗੇ। 7:30 ਵਜੇ ਸ਼ੁਰੂ ਹੋਣ ਵਾਲੇ ਪਹਿਲੇ ਮੈਚ ਵਿਚ ਬ੍ਰਾਜ਼ੀਲ ਦਾ ਮੁਕਾਬਲਾ ਮੈਕਸਿਕੋ ਨਾਲ ਅਤੇ ਰਾਤ 11:30 ਵਾਲੇ ਮੈਚ ਵਿਚ ਬੈਲਜੀਅਮ ਦਾ ਮੁਕਾਬਲਾ ਜਾਪਾਨ ਨਾਲ ਹੋਵੇਗਾ। ਇਨ੍ਹਾਂ ਵਿਚੋਂ ਜਿੱਤਣ ਵਾਲੀ ਟੀਮ ਕੁਆਰਟਰ ਫ਼ਾਈਨਲ ਵਿਚ ਜਾਵੇਗੀ।
ਬ੍ਰਾਜ਼ੀਲ ਅਤੇ ਮੈਕਸਿਕੋ ਵਿਚਾਲੇ ਖੇਡੇ ਜਾਣ ਵਾਲੇ ਮੈਚ ਵਿਚ ਬ੍ਰਾਜ਼ੀਲ ਦਾ ਪਲੜਾ ਭਾਰੀ ਰਹਿਣ ਦੀ ਸੰਵਾਵਨਾ ਹੈ ਕਿਉਂਕਿ ਫ਼ੀਫ਼ਾ ਵਿਸ਼ਵ ਕੱਪ ਵਿਚ ਚਾਰ ਵਾਰ ਬ੍ਰਾਜ਼ੀਲ ਦਾ ਮੁਕਾਬਲਾ ਮੈਕਸਿਕੋ ਨਾਲ ਹੋ ਚੁੱਕਾ ਹੈ ਜਿਨ੍ਹਾਂ ਵਿਚੋਂ ਤਿੰਨ ਮੈਚ ਬ੍ਰਾਜ਼ੀਲ ਨੇ ਜਿੱਤੇ ਹਨ ਜਦਕਿ ਇਕ ਮੈਚ ਡਰਾਅ ਰਿਹਾ ਹੈ।
ਮੈਕਸਿਕੋ ਕੋਈ ਵੀ ਮੈਚ ਜਿੱਤਣ ਵਿਚ ਅਸਫ਼ਲ ਰਿਹਾ ਹੈ। ਦੋਹਾਂ ਟੀਮਾਂ ਵਿਚਾਲੇ ਫ਼ੀਫ਼ਾ ਵਿਸ਼ਵ ਕੱਪ ਦਾ ਪਹਿਲਾ ਮੁਕਾਬਲਾ 24 ਜੂਨ 1950 ਨੂੰ ਖੇਡਿਆ ਗਿਆ ਸੀ ਜਿਸ ਵਿਚ ਬ੍ਰਾਜ਼ੀਲ ਜਿੱਤਿਆ ਸੀ। ਇਸ ਤੋਂ ਬਾਅਦ 16 ਜੂਨ 1954 ਨੂੰ ਮੁੜ ਤੋਂ ਦੋਵੇਂ ਟੀਮਾਂ ਆਹਮੋਂ-ਸਾਹਮਣੇ ਹੋਈਆਂ ਜਿਸ ਵਿਚ ਬ੍ਰਾਜ਼ੀਲ ਨੇ ਜਿੱਤ ਹਾਸਲ ਕੀਤੀ। 30 ਮਈ 1962 ਨੂੰ ਇਹ ਤੀਜਾ ਮੌਕਾ ਸੀ ਜਦ ਦੋਹਾਂ ਟੀਮਾਂ ਵਿਚਾਲੇ ਮੁਕਾਬਲਾ ਹੋਇਆ ਪਰ ਇਸ ਵਿਚ ਵੀ ਨਤੀਜਾ ਪੁਰਾਣੇ ਵਾਲਾ ਹੀ ਰਿਹਾ, ਬ੍ਰਾਜ਼ੀਲ ਨੇ ਮੈਕਸਿਕੋ ਨੂੰ ਇਸ ਮੈਚ ਵਿਚ ਵੀ ਹਰਾ ਦਿਤਾ ਸੀ। ਇਸ ਤੋਂ ਬਾਅਦ 17 ਜੂਨ 2014 ਫ਼ੀਫ਼ਾ ਵਿਸ਼ਵ ਕੱਪ ਵਿਚ ਦੋਹਾਂ ਟੀਮਾਂ ਵਿਚਾਲੇ ਹੋਇਆ ਮੁਕਾਬਲਾ ਡਰਾਅ ਰਿਹਾ।
ਫ਼ੀਫ਼ਾ ਸਮੇਤ ਦੋਹਾਂ ਟੀਮਾਂ ਵਿਚਾਲੇ ਕੁਲ 40 ਮੈਚ ਹੋਏ ਹਨ ਜਿਨ੍ਹਾਂ ਵਿਚੋਂ 23 ਬ੍ਰਾਜ਼ੀਲ ਨੇ ਜਿੱਤੇ, 10 ਮੈਚ ਮੈਕਸਿਕੋ ਨੇ ਜਿੱਤੇ ਜਦਕਿ ਸੱਤ ਮੈਚ ਡਰਾਅ ਰਹੇ ਹਨ। ਬਾਕੀ ਹੋਰ ਟੀਮਾਂ ਵਿਰੁਧ ਵੀ ਬ੍ਰਾਜ਼ੀਲ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਬ੍ਰਾਜ਼ੀਲ ਦੀ ਕੁਲ ਮਿਲਾ ਕੇ 992 ਮੈਚ ਖੇਡ ਚੁੱਕੀ ਹੈ ਜਿਸ ਵਿਚੋਂ 636 ਜਿੱਤੇ, 164 ਹਾਰੇ ਤੇ 192 ਡਰਾਅ ਰਹੇ ਹਨ। ਇਸੇ ਤਰ੍ਹਾਂ ਮੈਕਸਿਕੋ ਦੀ ਟੀਮ ਨੇ 998 ਮੈਚ ਖੇਡ ਚੁੱਕੀ ਹੈ ਜਿਸ ਵਿਚੋਂ ਉਸ ਨੇ 521 ਜਿੱਤੇ, 226 ਡਰਾਅ ਅਤੇ 251 ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
15ਵੇਂ ਨੰਬਰ ਵਾਲੀ ਮੈਕਸਿਕੋ ਦੀ ਟੀਮ ਦੋ ਨੰਬਰ ਦੀ ਬ੍ਰਾਜ਼ੀਲ ਦੀ ਟੀਮ ਦੇ ਮੁਕਾਬਲੇ ਹਲਕੀ ਟੀਮ ਹੈ ਕਿਉਂਕਿ ਬ੍ਰਾਜ਼ੀਲ ਦੀ ਟੀਮ ਨੇ ਹੁਣ ਤਕ ਫ਼ੀਫ਼ਾ ਦੇ ਹਰ ਟੂਰਨਾਮੈਂਟ ਵਿਚ ਹਿੱਸਾ ਲੈਂਦਿਆਂ ਪੰਜ ਵਾਰ ਖ਼ਿਤਾਬੀ ਜਿੱਤ ਹਾਸਲ ਕੀਤੀ ਹੈ ਜਦਕਿ ਦੂਜੇ ਵਾਸੇ ਮੈਕਸਿਕੋ ਦੀ ਟੀਮ ਨੇ ਫ਼ੀਫ਼ਾ ਵਿਸ਼ਵ ਕੱਪ ਵਿਚ 15 ਵਾਰ ਹਿੱਸਾ ਲਿਆ ਹੈ ਪਰ ਕੋਈ ਖ਼ਿਤਾਬੀ ਜਿੱਤ ਹਾਸਲ ਨਹੀਂ ਕੀਤੀ। ਬ੍ਰਾਜ਼ੀਲ ਨੇ ਅਪਣੀਆਂ ਪੰਜ ਖ਼ਿਤਾਬੀ ਜਿੱਤਾਂ ਵਿਚੋਂ ਚਾਰ ਜਿੱਤਾਂ ਵਿਦੇਸ਼ੀ ਧਰਤੀ 'ਤੇ ਹਾਸਲ ਕੀਤੀਆਂ ਹਨ।
ਦੂਜੇ ਪਾਸੇ ਬੈਲਜੀਅਮ ਅਤੇ ਜਾਪਾਨ ਦੀ ਟੀਮ ਵਿਚਾਲੇ ਪੰਜ ਮੈਚ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਬੈਲਜੀਅਮ ਨੇ ਇਕ ਜਿੱਤਿਆ ਹੈ ਜਦਕਿ ਦੋ ਮੈਚਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਕ ਮੈਚ ਡਰਾਅ ਰਿਹਾ ਹੈ। ਦੋਵੇਂ ਟੀਮਾਂ ਫ਼ੀਫ਼ਾ ਵਿਸ਼ਵ ਕੱਪ ਦੌਰਾਨ ਚਾਰ ਜੂਨ 2002 ਨੂੰ ਪਹਿਲੀ ਵਾਰ ਆਹਮੋਂ-ਸਾਹਮਣੇ ਹੋਈਆਂ ਸਨ ਅਤੇ ਇਹ ਮੈਚ ਡਰਾਅ ਰਿਹਾ ਸੀ। ਬੈਲਜੀਅਮ ਦੀ ਟੀਮ ਫ਼ੀਫ਼ਾ ਵਿਸ਼ਵ ਕੱਪ ਵਿਚ 12 ਵਾਰ ਅਗਲੇ ਗੇੜ ਵਿਚ ਜਾ ਚੁੱਕੀ ਹੈ। ਦੂਜੇ ਪਾਸੇ ਜਾਪਾਨ ਦੀ ਟੀਮ ਛੇਵੀਂ ਵਾਰ ਵਿਸ਼ਵ ਕੱਪ ਦੇ ਅਗਲੇ ਗੇੜ ਵਿਚ ਗਈ ਹੈ।
ਜਾਪਾਨ ਦੀ ਟੀਮ ਕੁਲ 786 ਮੈਚ ਖੇਡ ਚੁੱਕੀ ਹੈ ਜਿਨ੍ਹਾਂ ਵਿਚੋਂ ਉਸ ਨੇ 357 ਜਿੱਤੇ, 268 ਹਾਰੇ ਅਤੇ 161 ਮੈਚ ਡਰਾਅ ਰਹੇ ਹਨ। ਇਸੇ ਤਰ੍ਹਾਂ ਬੈਲਜੀਅਮ ਦੀ ਟੀਮ 762 ਮੈਚ ਖੇਡ ਚੁੱਕੀ ਹੈ ਜਿਸ ਵਿਚੋਂ ਉਸ ਨੂੰ 321 ਵਿਚ ਜਿੱਤ ਹਾਸਲ ਹੋਈ, 278 ਵਿਚ ਹਾਰ ਮਿਲੀ ਜਦਕਿ 163 ਮੈਚ ਡਰਾਅ ਰਹੇ।