ਫ਼ੀਫ਼ੀ ਵਿਸ਼ਵ ਕੱਪ ਵਿਚ ਇੰਗਲੈਂਡ ਦੀ ਟੀਮ ਦਾ ਪ੍ਰਚਾਰ ਕਰਨ ਵਾਲੇ ਇਕ ਸਿੱਖ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਕਿਸੇ ਸ਼ਰਾਰਤੀ ਅਨਸਰ ਨੇ ਉਸ ਨੂੰ ਚਿੱਠੀ ਭੇਜੀ ...
ਲੰਦਨ, ਫ਼ੀਫ਼ੀ ਵਿਸ਼ਵ ਕੱਪ ਵਿਚ ਇੰਗਲੈਂਡ ਦੀ ਟੀਮ ਦਾ ਪ੍ਰਚਾਰ ਕਰਨ ਵਾਲੇ ਇਕ ਸਿੱਖ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਕਿਸੇ ਸ਼ਰਾਰਤੀ ਅਨਸਰ ਨੇ ਉਸ ਨੂੰ ਚਿੱਠੀ ਭੇਜੀ ਹੈ। ਚਿੱਠੀ ਵਿਚ ਲਿਖਿਆ ਹੈ ਕਿ ਉਹ ਫ਼ੀਫ਼ਾ ਵਿਚ ਇੰਗਲੈਂਡ ਟੀਮ ਦਾ ਪ੍ਰਚਾਰ ਨਹੀਂ ਕਰ ਸਕਦਾ ਕਿਉਂਕਿ ਉਹ ਇਕ ਭਾਰਤੀ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਟੀਮ ਦਾ ਪ੍ਰਚਾਰ ਕਰਨ ਲਈ 31 ਸਾਲਾ ਗਗਨ ਨੇ ਅਪਣੀ ਦੁਕਾਨ ਦੀ ਖਿੜਕੀ 'ਤੇ ਬਰਤਾਨਵੀ ਝੰਡਾ ਲਗਾਇਆ ਸੀ ਅਤੇ ਇਹ ਝੰਡਾ ਲਗਾਉਣ ਤੋਂ ਇਕ ਦਿਨ ਬਾਅਦ ਹੀ ਇਹ ਵਿਵਾਦਤ ਚਿੱਠੀ ਸਿੰਘ ਦੀ ਦੁਕਾਨ 'ਤੇ ਭੇਜੀ ਗਈ।
ਗਗਨ ਨੂੰ ਭੇਜੀ ਇਸ ਚਿੱਠੀ ਵਿਚ ਕਈ ਗ਼ਲਤੀਆਂ ਹਨ ਅਤੇ ਇਸ ਵਿਚ ਇਸ ਵਿਚ ਕਾਫ਼ੀ ਨਫ਼ਰਤੀ ਭਾਸ਼ਾ ਵਰਤੀ ਗਈ ਹੈ। ਦੁਕਾਨ ਦੇ ਮਾਲਕ ਗਗਨ ਨੇ ਕਿਹਾ ਕਿ ਇਹ ਚਿੱਠੀ ਪੜ੍ਹਨ ਤੋਂ ਬਾਅਦ ਉਸ ਦੇ ਪਿਤਾ ਚਾਰ ਹੋਰ ਝੰਡੇ ਖ਼ਰੀਦਣ ਲਈ ਬਾਜ਼ਾਰ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਵਾਰ ਪਿਛਲੇ 40 ਸਾਲ ਤੋਂ ਇੰਗਲੈਂਡ ਵਿਚ ਰਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਇੰਗਲੈਂਡ ਟੀਮ ਦਾ ਪ੍ਰਚਾਰ ਕਰ ਕੇ ਆਨੰਦ ਮਾਣ ਰਹੇ ਹਨ ਪਰ ਕੁੱਝ ਲੋਕਾਂ ਨੂੰ ਇਹ ਲਗਦਾ ਹੈ ਕਿ ਭਾਰਤੀ ਹੋਣ ਦੇ ਨਾਤੇ ਉਹ ਇੰਗਲੈਂਡ ਦਾ ਪ੍ਰਚਾਰ ਨਹੀਂ ਕਰ ਸਕਦੇ। ਫ਼ੀਫ਼ਾ ਵਿਸ਼ਵ ਕੱਪ ਵਿਚ ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾ ਕੇ ਆਖ਼ਰੀ 16 ਵਿਚ ਥਾਂ ਬਣਾ ਲਈ ਹੈ। (ਪੀ.ਟੀ.ਆਈ.)