
ਕਿਹਾ, ਪੈਨਲਟੀ ਦਾ ਬਚਾਅ ਕਰਨ ਲਈ ਤਜਰਬੇ ਅਤੇ ਕਿਸਮ ਦਾ ਸਾਥ ਜ਼ਰੂਰੀ
ਫ਼ਾਈਨਲ ’ਚ ਭਾਰਤ ਦਾ ਕੁਵੈਤ ਨਾਲ ਮੁਕਾਬਲਾ ਮੰਗਲਵਾਰ ਨੂੰ
ਬੇਂਗਲੁਰੂ: ਲੇਬਨਾਨ ਵਿਰੁਧ ਸੈਫ਼ ਚੈਂਪੀਅਨਸ਼ਿਪ ਦੇ ਸੈਮੀਫ਼ਾਈਨਲ ’ਚ ਪੈਨਲਟੀ ਸ਼ੂਟਆਊਟ ’ਚ ਸ਼ਾਨਦਾਰ ਬਚਾਅ ਕਰ ਕੇ ਭਾਰਤੀ ਟੀਮ ਨੂੰ ਫ਼ਾਈਨਲ ’ਚ ਪਹੁੰਚਾਉਣ ਵਾਲੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਸਾਹਮਣੇ ਵਾਲੇ ਖਿਡਾਰੀ ਦੀ ਮਾਨਸਿਕਤਾ ਨੂੰ ਭਾਂਪ ਕੇ ਇਕ ਪਾਸੇ ਛਾਲ ਮਾਰਦੇ ਹਨ ਅਤੇ ਇਸ ਦੇ ਨਤੀਜੇ ਨੂੰ ਕਿਸਮਤ ’ਤੇ ਛੱਡ ਦਿੰਦੇ ਹਨ।
ਭਾਰਤੀ ਟੀਮ ਮੰਗਲਵਾਰ ਨੂੰ ਟੂਰਨਾਮੈਂਟ ਦੇ ਫ਼ਾਈਨਲ ’ਚ ਕੁਵੈਤ ਦਾ ਸਾਹਮਣਾ ਕਰੇਗੀ।
ਕਪਤਾਨ ਸੁਨੀਲ ਛੇਤਰੀ ਨੇ ਪੈਨਲਟੀ ਸ਼ੂਟਆਊਟ ’ਚ ਭਾਰਤ ਲਈ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਸੰਧੂ ਨੇ ਖੱਬੇ ਪਾਸੇ ਛਾਲ ਮਾਰ ਕੇ ਹਸਨ ਮਾਤੋਕ ਦੇ ਕਿੱਕ ’ਤੇ ਸ਼ਾਨਦਾਰ ਬਚਾਅ ਕੀਤਾ।
ਅਨਵਰ ਅਲੀ, ਨਾਓਰੇਮ ਮਹੇਸ਼ ਸਿੰਘ ਅਤੇ ਉਦਾਂਤਾ ਸਿੰਘ ਕੁਮਾਮ ਨੇ ਇਸ ਤੋਂ ਬਾਅਦ ਭਾਰਤ ਲਈ ਤਿੰਨ ਗੋਲ ਕੀਤੇ।
ਵਾਲਿਦ ਸ਼ਾਊਰ ਅਤੇ ਮੁਹੰਮਦ ਸਾਦੇਕ ਨੇ ਗੋਲ ਕਰ ਕੇ ਲੇਬਨਾਨ ਨੂੰ ਮੁਕਾਬਲੇ ’ਚ ਬਣਾਈ ਰਖਿਆ ਸੀ ਪਰ ਖਲੀਲ ਬਦੇਰ ਦੀ ਕਿੱਕ ਕ੍ਰਾਸਬਾਰ ਉਪਰੋਂ ਨਿਕਲ ਗਈ, ਜਿਸ ਨਾਲ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ।
ਸੰਧੂ ਨੇ ਕਿਹਾ, ‘‘ਮੈਂ ਇਕ ਗੋਲਕੀਪਰ ਦੇ ਰੂਪ ’ਚ ਇਹ ਯਕੀਨੀ ਕਰਨਾ ਚਾਹੁੰਦਾ ਹਾਂ ਕਿ ਪੈਨਲਟੀ ਲੈਣ ਵਾਲੇ ਦਾ ਕੰਮ ਮੁਸ਼ਕਲ ਹੋ ਜਾਵੇ। ਮੈਂ ਆਖ਼ਰੀ ਪਲ ਤਕ ਉਸ ’ਤੇ ਮਾਨਸਿਕ ਦਬਾਅ ਪਾਉਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਇਸ ਤੋਂ ਬਾਅਦ ਇਕ ਪਾਸੇ ਦੀ ਚੋਣ ਕਰ ਕੇ ਗੇਂਦ ’ਤੇ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਹਾਂ।’’
ਉਨ੍ਹਾਂ ਕਿਹਾ, ‘‘ਤੁਸੀਂ ਹਰ ਪੈਨਲਟੀ ਦਾ ਬਚਾਅ ਨਹੀਂ ਕਰ ਸਕਦੇ। ਪਰ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹੋ ਕਿ ਕਿੱਕ ਲਾਉਣ ਵਾਲੇ ਖਿਡਾਰੀ ਦੇ ਦਿਮਾਗ਼ ’ਚ ਕੀ ਚਲ ਰਿਹਾ ਹੈ। ਕੋਈ ਤੁਹਾਨੂੰ ਭਰਮਾਉਣ ਦੀ ਕੋਸ਼ਿਸ਼ ਕਰਗਾ, ਕੋਈ ਪਹਿਲਾਂ ਤੋਂ ਤੈਅ ਯੋਜਨਾ ਨਾਲ ਆਏਗਾ। ਇਸ ’ਚ ਤਜਰਬਾ ਅਤੇ ਕੱਦ ਕਾਠੀ ਦਾ ਵੀ ਯੋਗਦਾਨ ਹੁੰਦਾ ਹੈ। ਜੇਕਰ ਮੇਰਾ ਕੱਦ ਪੰਜ ਫੁਟ ਚਾਰ ਇੰਚ ਦਾ ਹੁੰਦਾ ਤਾਂ ਯਕੀਨੀ ਤੌਰ ’ਤੇ ਮੈਂ ਜ਼ਿਆਦਾ ਪੈਨਲਟੀ ਦਾ ਬਚਾਅ ਨਹੀਂ ਕਰ ਸਕਦਾ।’’