
ਇਸ ਮੈਚ ਵਿੱਚ ਭਾਰਤੀ ਟੀਮ ਨੇ ਆਸਟਰੇਲੀਆ ਨੂੰ 3-2 ਨਾਲ ਹਰਾਇਆ
Paris Olympics 2024 hockey : ਪੈਰਿਸ ਓਲੰਪਿਕ 2024 'ਚ ਭਾਰਤੀ ਹਾਕੀ ਟੀਮ ਨੇ ਸ਼ੁੱਕਰਵਾਰ (2 ਅਗਸਤ) ਨੂੰ ਆਸਟਰੇਲੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਓਲੰਪਿਕ 'ਚ ਐਸਟ੍ਰੋਟਰਫ 'ਤੇ ਭਾਰਤ ਨੇ ਪਹਿਲੀ ਵਾਰ ਆਸਟ੍ਰੇਲੀਆ ਨੂੰ ਹਰਾਇਆ ਹੈ।
ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲ ਅਤੇ ਪੀਆਰ ਸ਼੍ਰੀਜੇਸ਼ ਦੀ ਸ਼ਾਨਦਾਰ ਗੋਲਕੀਪਿੰਗ ਦੇ ਦਮ 'ਤੇ ਭਾਰਤ ਨੇ 52 ਸਾਲ ਬਾਅਦ ਓਲੰਪਿਕ 'ਚ ਆਸਟ੍ਰੇਲੀਆ ਨੂੰ 3-2 ਨਾਲ ਹਰਾਇਆ ਹੈ। ਇਸ ਜਿੱਤ ਨਾਲ 52 ਸਾਲਾਂ ਦਾ ਸੋਕਾ ਖਤਮ ਹੋ ਗਿਆ। ਭਾਰਤ ਨੇ ਇਸ ਤੋਂ ਪਹਿਲਾਂ 1972 ਵਿੱਚ ਓਲੰਪਿਕ ਵਿੱਚ ਆਸਟਰੇਲੀਆ ਨੂੰ ਹਰਾਇਆ ਸੀ।
ਟੋਕੀਓ ਓਲੰਪਿਕ ਦੀ ਹਾਰ ਦਾ ਲਿਆ ਬਦਲਾ
ਭਾਰਤ ਨੇ ਆਖਰੀ ਵਾਰ ਪੁਰਸ਼ ਹਾਕੀ ਵਿੱਚ ਓਲੰਪਿਕ ਵਿੱਚ ਆਸਟਰੇਲੀਆ ਨੂੰ 1972 ਦੀਆਂ ਮਿਊਨਿਖ ਖੇਡਾਂ ਵਿੱਚ ਹਰਾਇਆ ਸੀ। ਜਦੋਂ ਕਿ ਸਿਡਨੀ ਓਲੰਪਿਕ 2000 ਵਿੱਚ ਆਸਟ੍ਰੇਲੀਆ ਨਾਲ ਗਰੁੱਪ ਮੈਚ 2-2 ਨਾਲ ਡਰਾਅ ਰਿਹਾ ਸੀ। ਆਸਟਰੇਲੀਆ ਨੇ ਟੋਕੀਓ ਓਲੰਪਿਕ 2021 ਵਿੱਚ ਗਰੁੱਪ ਮੈਚ ਵਿੱਚ ਭਾਰਤ ਨੂੰ 7-1 ਨਾਲ ਹਰਾਇਆ ਸੀ।
ਸ਼੍ਰੀਜੇਸ਼ ਬਣੇ ਭਾਰਤ ਦੀ ਦੀਵਾਰ
ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਭਾਰਤ ਲਈ ਜਿੱਥੇ ਸ਼੍ਰੀਜੇਸ਼ ਨੇ ਸੱਚਮੁੱਚ 'ਦੀਵਾਰ' ਵਾਂਗ ਕੰਮ ਕੀਤਾ ਅਤੇ ਅਣਗਿਣਤ ਗੋਲ ਬਚਾਏ। ਉਥੇ ਹੀ ਹਰ ਮੈਚ ਵਿੱਚ ਗੋਲ ਕਰਦੇ ਆਏ ਹਰਮਨਪ੍ਰੀਤ ਨੇ ਇਸ ਰੁਝਾਨ ਨੂੰ ਬਰਕਰਾਰ ਰੱਖਿਆ।
CM ਮਾਨ ਨੇ ਭਾਰਤੀ ਹਾਕੀ ਟੀਮ ਨੂੰ ਦਿੱਤੀ ਵਧਾਈ
ਭਾਰਤੀ ਹਾਕੀ ਟੀਮ ਨੇ ਓਲੰਪਿਕ ਦੇ ਇਤਿਹਾਸ ਵਿੱਚ 52 ਸਾਲਾਂ ਬਾਅਦ ਅੱਜ ਆਸਟਰੇਲੀਆ ਨੂੰ ਹਰਾਇਆ। ਇਸ 3-2 ਦੀ ਜਿੱਤ ਵਿੱਚ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਅਹਿਮ ਗੋਲ ਕੀਤੇ। ਉਲੰਪਿਕ 'ਚ ਹਾਕੀ ਟੀਮ ਦੀ ਜਿੱਤ 'ਤੇ ਪੰਜਾਬ ਦੇ CM ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਨੂੰ ਮੁਬਾਰਕਾਂ ਦਿੱਤੀਆਂ ਤੇ ਕੁਆਰਟਰ ਫ਼ਾਈਨਲ ਲਈ ਸ਼ੁੱਭਕਾਮਨਾਵਾਂ।