
ਬੰਗਲਾਦੇਸ਼ ਵਿਰੁੱਧ ਮੈਚ ਦੌਰਾਨ ਅਰਸ਼ਦੀਪ ਸਿੰਘ ਨੇ ਲਈਆਂ ਦੋ ਵਿਕਟਾਂ
ਨਵੀਂ ਦਿੱਲੀ: ਟੀਮ ਇੰਡੀਆ ਨੇ ਬੁੱਧਵਾਰ ਨੂੰ ਟੀ-20 ਵਿਸ਼ਵ ਕੱਪ ਦੇ ਅਹਿਮ ਮੁਕਾਬਲੇ 'ਚ ਬੰਗਲਾਦੇਸ਼ ਨੂੰ 5 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਟੀਮ ਇੰਡੀਆ ਸੈਮੀਫਾਈਨਲ ਦੇ ਕਾਫੀ ਨੇੜੇ ਪਹੁੰਚ ਗਈ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 20 ਓਵਰਾਂ ਵਿੱਚ ਛੇ ਵਿਕਟਾਂ ’ਤੇ 184 ਦੌੜਾਂ ਬਣਾਈਆਂ।
ਬੰਗਲਾਦੇਸ਼ ਨੂੰ ਮੈਚ ਜਿੱਤਣ ਲਈ 185 ਦੌੜਾਂ ਬਣਾਉਣੀਆਂ ਸਨ ਪਰ ਮੀਂਹ ਕਾਰਨ ਉਸ ਨੂੰ 16 ਓਵਰਾਂ ਵਿੱਚ 151 ਦੌੜਾਂ ਦਾ ਟੀਚਾ ਮਿਲਿਆ। ਉਹ 16 ਓਵਰਾਂ 'ਚ ਛੇ ਵਿਕਟਾਂ 'ਤੇ 145 ਦੌੜਾਂ ਹੀ ਬਣਾ ਸਕੀ। ਇਸ ਮੈਚ ਵਿਚ ਅਰਸ਼ਦੀਪ ਸਿੰਘ ਨੇ ਵੀ ਆਪਣੀ ਗੇਂਦਬਾਜ਼ੀ ਦਾ ਚੰਗਾ ਪ੍ਰਦਰਸ਼ਨ ਕੀਤਾ ਅਤੇ ਦੋ ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਨੂੰ ਜਿੱਤ ਲਈ ਆਖਰੀ ਓਵਰ ਵਿੱਚ 20 ਦੌੜਾਂ ਦੀ ਲੋੜ ਸੀ।
ਅਰਸ਼ਦੀਪ ਸਿੰਘ ਨੇ ਸਿਰਫ 14 ਦੌੜਾਂ ਦਿੱਤੀਆਂ। ਨੂਰੁਲ ਹਸਨ ਸੋਹਨ ਨੇ ਇੱਕ ਚੌਕਾ ਅਤੇ ਇੱਕ ਛੱਕਾ ਲਗਾ ਕੇ ਮੈਚ ਨੂੰ ਆਖਰੀ ਗੇਂਦ ਤੱਕ ਪਹੁੰਚਾਇਆ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਵਿਰਾਟ ਕੋਹਲੀ ਨੂੰ ਨਾਬਾਦ 64 ਦੌੜਾਂ ਬਣਾਉਣ ਲਈ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਦਿੱਤਾ ਗਿਆ।