
ਓਪਟਸ ਸਟੇਡੀਅਮ ਵਿੱਚ ਕੁਮੈਂਟਰੀ ਦੌਰਾਨ ਖ਼ਰਾਬ ਹੋਈ ਤਬੀਅਤ
ਪਰਥ - ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਨੂੰ ਅਚਾਨਕ ਤਬੀਅਤ ਖ਼ਰਾਬ ਮਹਿਸੂਸ ਹੋਣ ਤੋਂ ਬਾਅਦ ਸਾਵਧਾਨੀ ਵਜੋਂ ਪਰਥ ਦੇ ਹਸਪਤਾਲ ਵਿਖੇ ਲਿਜਾਇਆ ਗਿਆ ਹੈ।
ਪੌਂਟਿੰਗ ਸ਼ੁੱਕਰਵਾਰ ਨੂੰ ਓਪਟਸ ਸਟੇਡੀਅਮ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਦੌਰਾਨ ਕੁਮੈਂਟਰੀ ਕਰ ਰਹੇ ਸੀ, ਜਦੋਂ ਉਨ੍ਹਾਂ ਨੂੰ ਤਕਲੀਫ਼ ਸ਼ੁਰੂ ਹੋਈ।
ਦੱਸਿਆ ਜਾ ਰਿਹਾ ਹੈ ਕਿ ਪੌਂਟਿੰਗ ਨੂੰ ਦਿਲ ਦਾ ਦੌਰਾ ਪਿਆ, ਪਰ ਇਸ ਬਾਰੇ ਕੋਈ ਪੁਸ਼ਟੀ ਵਾਲੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ।
47 ਸਾਲਾ ਪੌਂਟਿੰਗ ਨੇ ਇਸ ਘਟਨਾ ਤੋਂ 40 ਮਿੰਟ ਪਹਿਲਾਂ ਬਿਲਕੁਲ ਸਹੀ ਹਾਲਤ 'ਚ ਕੁਮੈਂਟਰੀ ਕੀਤੀ ਸੀ। ਉਨ੍ਹਾਂ ਦੇ ਸਾਬਕਾ ਸਾਥੀ ਅਤੇ ਆਸਟਰੇਲਿਆਈ ਟੀਮ ਦੇ ਕੋਚ ਜਸਟਿਨ ਲੈਂਗਰ ਨੇ ਪੋੰਟਿੰਗ ਨੂੰ ਹਸਪਤਾਲ ਪਹੁੰਚਾਇਆ।
ਪੌਂਟਿੰਗ ਦੀ ਗਿਣਤੀ ਸਭ ਤੋਂ ਮਹਾਨ ਕਪਤਾਨਾਂ 'ਚ ਹੁੰਦੀ ਹੈ, ਜਿਸ ਦੀ ਅਗਵਾਈ ਸਮੇਂ ਆਸਟ੍ਰੇਲੀਆ ਟੀਮ ਨੇ ਕ੍ਰਿਕੇਟ ਜਗਤ 'ਚ ਆਪਣਾ ਦਬਦਬਾ ਬਣਾ ਕੇ ਰੱਖਿਆ। ਉਨ੍ਹਾਂ ਦੀ ਕਪਤਾਨੀ ਹੇਠ ਆਸਟਰੇਲੀਆ ਨੇ 2003 ਅਤੇ 2007 ਵਿੱਚ ਵਿਸ਼ਵ ਕੱਪ ਲਗਾਤਾਰ ਜਿੱਤੇ। ਪੌਂਟਿੰਗ ਨੂੰ ਹੁਣ ਤੱਕ ਦਾ ਦੂਜਾ ਸਭ ਤੋਂ ਸਫ਼ਲ ਟੈਸਟ ਕਪਤਾਨ ਮੰਨਿਆ ਜਾਂਦਾ ਹੈ, ਜਿਸ ਨੇ ਟੀਮ ਨੂੰ 48 ਜਿੱਤਾਂ ਦਿਵਾਈਆਂ ਅਤੇ ਲਗਾਤਾਰ 16 ਟੈਸਟ ਜਿੱਤਾਂ 'ਚ ਅਗਵਾਈ ਕੀਤੀ।