ਔਰਤ ਦਾ ਜਿਨਸੀ ਸ਼ੋਸ਼ਣ ਕਰਨ ਦੇ ਲੱਗੇ ਇਲਜ਼ਾਮ
ਨਵੀਂ ਦਿੱਲੀ:- ਸ਼੍ਰੀਲੰਕਾ ਦੇ ਬੱਲੇਬਾਜ਼ ਦਾਨੁਸ਼ਕਾ ਗੁਣਾਤਿਲਕਾ ਨੂੰ ਆਸਟ੍ਰੇਲੀਆ 'ਚ ਟੀ-20 ਵਿਸ਼ਵ ਕੱਪ ਦੌਰਾਨ ਬਲਾਤਕਾਰ ਦੇ ਮਾਮਲੇ 'ਚ ਸ਼ਨੀਵਾਰ ਨੂੰ ਸਿਡਨੀ ਤੋਂ ਗ੍ਰਿਫਤਾਰ ਕੀਤਾ ਗਿਆ। ਸ਼੍ਰੀਲੰਕਾ ਦੀ ਟੀਮ ਸ਼ਨੀਵਾਰ ਨੂੰ ਇੰਗਲੈਂਡ ਤੋਂ ਹਾਰ ਕੇ ਟੂਰਨਾਮੈਂਟ ਦੇ ਸੈਮੀਫਾਈਨਲ ਤੋਂ ਬਾਹਰ ਹੋ ਗਈ। ਦਾਨੁਸ਼ਕਾ ਨੂੰ ਇੰਗਲੈਂਡ-ਸ਼੍ਰੀਲੰਕਾ ਮੈਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।
ਦਾਨੁਸ਼ਕਾ ਫਿਲਹਾਲ ਸ਼੍ਰੀਲੰਕਾ ਟੀਮ ਦੇ 15 ਖਿਡਾਰੀਆਂ ਦੀ ਟੀਮ 'ਚ ਸ਼ਾਮਲ ਨਹੀਂ ਹੈ। ਉਹ ਕੁਆਲੀਫਾਇੰਗ ਗੇੜ ਵਿੱਚ ਸੱਟ ਲੱਗਣ ਕਾਰਨ ਟੀਮ ਤੋਂ ਬਾਹਰ ਹੋ ਗਿਆ ਸੀ। ਹਾਲਾਂਕਿ ਉਹ ਟੀਮ ਨਾਲ ਯਾਤਰਾ ਕਰ ਰਹੇ ਸਨ। ਦਿ ਆਸਟ੍ਰੇਲੀਅਨ ਦੀ ਰਿਪੋਰਟ ਮੁਤਾਬਕ ਉਸ 'ਤੇ ਬਲਾਤਕਾਰ ਦੇ ਚਾਰ ਦੋਸ਼ ਲੱਗੇ ਹਨ। ਇਕ 29 ਸਾਲਾ ਔਰਤ ਨੇ ਉਸ 'ਤੇ ਬਿਨਾਂ ਸਹਿਮਤੀ ਦੇ ਸੈਕਸ ਕਰਨ ਦਾ ਦੋਸ਼ ਲਗਾਇਆ ਹੈ। ਔਰਤ ਦੀ ਮੁਲਾਕਾਤ ਗੁਨਾਥਿਲਕਾ ਨਾਲ ਡੇਟਿੰਗ ਐਪ ਰਾਹੀਂ ਹੋਈ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਬਲਾਤਕਾਰ ਦੀ ਇਹ ਘਟਨਾ ਇਸ ਹਫਤੇ ਦੇ ਸ਼ੁਰੂ 'ਚ ਸਿਡਨੀ ਸਥਿਤ ਰਿਹਾਇਸ਼ 'ਤੇ ਵਾਪਰੀ ਸੀ। ਦਾਨੁਸ਼ਕਾ ਨੂੰ ਰਾਤ ਨੂੰ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦਾਨੁਸ਼ਕਾ ਪਹਿਲਾਂ ਵੀ ਅਜਿਹੇ ਵਿਵਾਦਾਂ 'ਚ ਘਿਰ ਚੁੱਕਿਆ ਹੈ। ਸਾਲ 2018 'ਚ ਦਾਨੁਸ਼ਕਾ ਅਤੇ ਉਸ ਦੇ ਦੋਸਤ 'ਤੇ ਦੋ ਨਾਰਵੇਈ ਔਰਤਾਂ ਨੂੰ ਹੋਟਲ 'ਚ ਲਿਆਉਣ ਦਾ ਦੋਸ਼ ਲੱਗਾ ਸੀ। ਸ਼੍ਰੀਲੰਕਾ ਦੀ ਟੀਮ ਵੀ ਉਸ ਹੋਟਲ ਵਿੱਚ ਠਹਿਰੀ ਹੋਈ ਸੀ। ਇਕ ਔਰਤ ਨੇ ਉਸ ਦੇ ਦੋਸਤ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਬਾਅਦ 'ਚ ਉਸ ਦੇ ਦੋਸਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਦਕਿ ਦਾਨੁਸ਼ਕਾ ਨੂੰ ਵੀ ਟੀਮ 'ਚੋਂ ਸਸਪੈਂਡ ਕਰ ਦਿੱਤਾ ਗਿਆ। ਹਾਲਾਂਕਿ ਉਸ ਸਮੇਂ ਔਰਤ ਨੇ ਦਾਨੁਸ਼ਕਾ 'ਤੇ ਦੋਸ਼ ਨਹੀਂ ਲਗਾਇਆ ਸੀ।
ਸ਼੍ਰੀਲੰਕਾ ਦੀ ਟੀਮ ਟੀ-20 ਵਿਸ਼ਵ ਕੱਪ 'ਚ ਕੁਆਲੀਫਾਇੰਗ ਰਾਊਂਡ ਦੇ ਤਹਿਤ ਸੁਪਰ-12 'ਚ ਪਹੁੰਚ ਗਈ ਹੈ। ਸੁਪਰ-12 'ਚ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਅਫਗਾਨਿਸਤਾਨ ਅਤੇ ਆਇਰਲੈਂਡ ਦੇ ਨਾਲ ਸ਼੍ਰੀਲੰਕਾ ਨੂੰ ਗਰੁੱਪ ਵਨ 'ਚ ਸ਼ਾਮਲ ਕੀਤਾ ਗਿਆ ਸੀ। ਗਰੁੱਪ ਗੇੜ ਦੇ 5 ਮੈਚਾਂ 'ਚ ਟੀਮ ਨੇ 2 'ਚ ਜਿੱਤ ਦਰਜ ਕੀਤੀ, ਜਦਕਿ 3 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।