ਕਿਹਾ, ਮੈਂ ਇਕ ਕਦਮ ਚੁਕਾਂਗਾ ਤੇ ਉਨ੍ਹਾਂ ਦੀ ਮੰਗ ਬਦਲ ਜਾਵੇਗੀ
ਨਵੀਂ ਦਿੱਲੀ : ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਅਤੇ ਕੈਸਰਗੰਜ, ਯੂਪੀ ਤੋਂ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਪਹਿਲਵਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਬ੍ਰਿਜ ਭੂਸ਼ਣ ਦਾ ਕਹਿਣਾ ਹੈ ਕਿ ਧਰਨੇ ’ਤੇ ਬੈਠੇ ਪਹਿਲਵਾਨ ਉਨ੍ਹਾਂ ਦਾ ਅਸਤੀਫ਼ਾ ਨਹੀਂ ਸਗੋਂ ਫ਼ਾਂਸੀ ਚਾਹੁੰਦੇ ਹਨ ਅਤੇ ਉਹ ਵੀ ਬਗ਼ੈਰ ਕੁਝ ਸੁਣੇ। ਜਿਵੇਂ ਹੀ ਮੈਂ ਕੋਈ ਕਦਮ ਚੁਕਾਂਗਾ, ਉਨ੍ਹਾਂ ਦੀ ਮੰਗ ਬਦਲ ਜਾਵੇਗੀ।
ਉਨ੍ਹਾਂ ਕਿਹਾ ਕਿ ਜਦੋਂ ਮੈਂ ਅਸਤੀਫ਼ੇ ਦੀ ਗੱਲ ਕੀਤੀ ਤਾਂ ਖਿਡਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਕਾਰਜਕਾਲ ਪੂਰਾ ਹੋ ਗਿਆ ਹੈ, ਉਨ੍ਹਾਂ ਨੂੰ ਸੰਸਦ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਮੇਰੇ ਘਰ 'ਚ ਜਿੰਨੇ ਵੀ ਅਹੁਦੇਦਾਰ ਹਨ, ਉਹ ਅਸਤੀਫ਼ਾ ਦੇਣ। ਯਾਨੀ, ਮੇਰਾ ਬੇਟਾ ਵਿਧਾਇਕ ਹੈ, ਉਸ ਨੂੰ ਵੀ ਅਸਤੀਫ਼ਾ ਦੇ ਦੇਵੇ।
ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਨਿਯਮਾਂ ਵਿਚ ਵੱਡਾ ਬਦਲਾਅ ਕੀਤਾ ਹੈ। ਕੈਂਪ ਵਿਚ ਉਹੀ ਖਿਡਾਰੀ ਆਉਣਗੇ, ਜੋ ਨੈਸ਼ਨਲ ਜਾਂ ਓਪਨ ਨੈਸ਼ਨਲ ਖੇਡਣਗੇ। ਜੇਕਰ ਇਸ ਦੌਰਾਨ ਉਨ੍ਹਾਂ ਨੂੰ ਸੱਟ ਲਗਦੀ ਹੈ ਤਾਂ ਉਸ ਦਾ ਮੈਡੀਕਲ ਕਰਵਾਇਆ ਜਾਵੇ। ਇਹ ਨਾ ਤਾਂ ਨੈਸ਼ਨਲ ਖੇਡਣਗੇ ਅਤੇ ਨਾ ਹੀ ਓਪਨ ਨੈਸ਼ਨਲ ਖੇਡਣਗੇ ਅਤੇ ਨਾ ਹੀ ਮੈਡੀਕਲ ਲਈ ਤਿਆਰ ਹਨ।
ਇਹ ਵੀ ਪੜ੍ਹੋ ਪਹਿਲਵਾਨਾਂ ਦੇ ਧਰਨੇ 'ਚ ਪਹੁੰਚੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਪੀ.ਟੀ. ਊਸ਼ਾ ਨੇ ਕੀਤੀ ਖਿਡਾਰੀਆਂ ਨਾਲ ਗੱਲਬਾਤ
ਬ੍ਰਿਜ ਭੂਸ਼ਨ ਨੇ ਕਿਹਾ ਕਿ ਖਿਡਾਰੀਆਂ ਦੀਆਂ ਕੁਝ ਨਜਾਇਜ਼ ਮੰਗਾਂ ਵੀ ਹਨ। ਉਨ੍ਹਾਂ ਦੱਸਿਆ ਕਿ 2022 ਵਿਚ ਤੁਰਕੀ ਵਿਚ ਰੈਂਕਿੰਗ ਟੂਰਨਾਮੈਂਟ ਚੱਲ ਰਿਹਾ ਸੀ। ਜਿਸ ਵਿਚ ਸੰਗੀਤਾ ਫੋਗਾਟ (ਬਜਰੰਗ ਪੁਨੀਆ ਦੀ ਪਤਨੀ) ਦੀ ਚੋਣ ਹੋਈ ਜਦਕਿ ਅਪਣੇ ਭਾਰ ਵਰਗ ਵਿਚ ਬਜਰੰਗ ਪੂਨੀਆ ਨੂੰ ਚੁਣਿਆ ਨਹੀਂ ਗਿਆ ਸੀ, ਪਰ ਉਹ ਸਰਕਾਰੀ ਖ਼ਰਚੇ 'ਤੇ ਤੁਰਕੀ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਚੋਣ ਹੀ ਨਹੀਂ ਹੋਈ ਤਾਂ ਉਹ ਕਿਉਂ ਗਏ?
ਉਨ੍ਹਾਂ ਦਸਿਆ ਕਿ ਅਜਿਹੇ ਮਾਮਲਿਆਂ 'ਤੇ ਮੈਂ ਇਤਰਾਜ਼ ਕੀਤਾ। ਸਰਕਾਰ ਨੂੰ ਵੀ ਲਿਖਿਆ ਹੈ। ਜੇਕਰ ਇਕ ਚੁਣਿਆ ਜਾਂਦਾ ਹੈ ਤਾਂ ਦੂਜਾ ਵੀ ਉਥੇ ਪਹੁੰਚ ਜਾਂਦਾ ਹੈ। ਬਜਰੰਗ ਤੇ ਸਾਕਸ਼ੀ ਤੁਰਕੀ ਕੀ ਕਰਨ ਗਏ ਸਨ? ਇੰਨਾ ਹੀ ਨਹੀਂ, ਫਿਰ ਤੁਸੀਂ ਕਿਸੇ ਹੋਟਲ ਵਿਚ ਠਹਿਰਦੇ ਹੋ, ਘੁੰਮਦੇ ਫਿਰਦੇ ਹੋ।
ਬ੍ਰਿਜ ਭੂਸ਼ਨ ਨੇ ਦਸਿਆ ਕਿ ਉਨ੍ਹਾਂ ਨੇ ਇਹ ਗੱਲ ਸਪੋਰਟਸ ਅਥਾਰਟੀ ਆਫ਼ ਇੰਡੀਆ ਨੂੰ ਦੱਸੀ ਕਿ ਪੈਸੇ ਅਤੇ ਟਾਪ ਸਕੀਮ ਦੀ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਮਹਿਲਾ ਪਹਿਲਵਾਨ ਸਿਖਲਾਈ ਲਈ ਜਾਂਦੀ ਹੈ ਤਾਂ ਉਸ ਨੂੰ ਚੋਣਵੇਂ ਪਹਿਲਵਾਨਾਂ ਨਾਲ ਜਾਣਾ ਚਾਹੀਦਾ ਹੈ। ਕਿਸੇ ਸਾਥੀ ਨੂੰ ਨਾਲ ਲੈ ਜਾਓ, ਪਰ ਇਹ ਜ਼ਰੂਰੀ ਹੈ ਕਿ ਜਦੋਂ ਤੁਸੀਂ ਜਾਓ ਤਾਂ ਭਾਰਤ ਤੋਂ ਕੋਚ ਹੋਣਾ ਚਾਹੀਦਾ ਹੈ। ਬ੍ਰਿਜ ਭੂਸ਼ਨ ਦਾ ਕਹਿਣਾ ਹੈ ਕਿ ਖਿਡਾਰਨਾਂ ਭਾਰਤ ਦਾ ਕੋਚ ਲੈਣ ਲਈ ਤਿਆਰ ਨਹੀਂ ਹਨ। ਇਸ ਲਈ ਉਹ ਕਿਥੇ ਰਹਿ ਰਹੀਆਂ ਹਨ, ਅਭਿਆਸ ਕਰ ਰਹੀਆਂ ਹਨ ਜਾਂ ਨਹੀਂ, ਟੈਕਸਦਾਤਾ ਦਾ ਪੈਸਾ ਕਦੋਂ ਖ਼ਰਚ ਹੋ ਰਿਹਾ ਹੈ, ਇਹ ਜਾਣਨ ਦਾ ਦੇਸ਼ ਦਾ ਹੱਕ ਹੈ।
ਬ੍ਰਿਜ ਭੂਸ਼ਨ ਦਾ ਕਹਿਣਾ ਹੈ ਕਿ ਖਿਡਾਰਨਾਂ ਵਲੋਂ ਕੀਤੀ ਜਾ ਰਹੀ ਮਨਮਾਨੀ ਦਾ ਉਨ੍ਹ ਨੇ ਵਿਰੋਧ ਕੀਤਾ ਅਤੇ ਕਈ ਨਿਯਮਾਂ ਵਿਚ ਬਦਲਾਅ ਵੀ ਕੀਤੇ ਹਨ ਜਿਸ ਕਾਰਨ ਹੁਣ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜੇ ਤਕ ਮੈਨੂੰ ਪੁਲਿਸ ਨੇ ਨਹੀਂ ਬੁਲਾਇਆ ਹੈ ਪਰ ਜਦੋਂ ਵੀ ਮੈਨੂੰ ਬੁਲਾਵਾ ਆਏਗਾ ਤਾਂ ਮੈਂ ਆਪਣਾ ਬਿਆਨ ਜ਼ਰੂਰ ਦਰਜ ਕਰਵਾਵਾਂਗਾ।
ਜ਼ਿਕਰਯੋਗ ਹੈ ਕਿ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਵਰਗੇ ਵੱਡੇ ਪਹਿਲਵਾਨ 23 ਅਪ੍ਰੈਲ ਤੋਂ ਦਿੱਲੀ ਦੇ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਹਨ। 7 ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਦੋ ਐਫ਼.ਆਈ.ਆਰ. ਦਰਜ ਕਰਵਾਈਆਂ ਹਨ। ਇਨ੍ਹਾਂ ਵਿਚੋਂ ਇਕ ਪੋਕਸੋ ਐਕਟ ਵਿਚ ਹੈ। ਇਸ ਦੇ ਬਾਵਜੂਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਨਾ ਤਾਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਪੁੱਛਗਿੱਛ ਕੀਤੀ ਗਈ ਹੈ।