NAM vs OMA: ਨਾਮੀਬੀਆ ਨੇ ਸੁਪਰ ਓਵਰ ਵਿਚ ਓਮਾਨ ਨੂੰ 11 ਦੌੜਾਂ ਨਾਲ ਹਰਾਇਆ।
Namibia defeated Oman in the Super Over News in punjabi : ਟੀ-20 ਵਿਸ਼ਵ ਕੱਪ 2024 ਵਿੱਚ ਨਾਮੀਬੀਆ ਅਤੇ ਓਮਾਨ ਵਿਚਾਲੇ ਖੇਡਿਆ ਗਿਆ ਮੈਚ ਰੋਮਾਂਚ ਨਾਲ ਭਰਿਆ ਰਿਹਾ। ਇਸ ਘੱਟ ਸਕੋਰ ਵਾਲੇ ਮੈਚ 'ਚ ਉਹ ਸਭ ਕੁਝ ਦੇਖਿਆ ਗਿਆ ਜੋ ਕ੍ਰਿਕਟ ਪ੍ਰਸ਼ੰਸਕ ਦੇਖਣਾ ਚਾਹੁੰਦੇ ਹਨ। ਆਖਰੀ ਓਵਰ ਦਾ ਜੋਸ਼ ਸੀ ਅਤੇ ਸੁਪਰ ਓਵਰ ਦਾ ਖੁਮਾਰ ਸੀ। ਇਹ ਰੋਮਾਂਚਕ ਮੈਚ ਨਾਮੀਬੀਆ ਨੇ ਜਿੱਤਿਆ, ਜਿਸ ਲਈ ਡੇਵਿਡ ਵੀਜ਼ਾ ਸੁਪਰ ਓਵਰ ਵਿਚ ਹੀਰੋ ਬਣ ਕੇ ਉਭਰਿਆ। ਪਹਿਲਾਂ ਬੱਲੇ ਨਾਲ ਅਤੇ ਫਿਰ ਗੇਂਦ ਨਾਲ ਉਸ ਨੇ ਇਕੱਲੇ ਹੀ ਮੈਚ ਨੂੰ ਨਾਮੀਬੀਆ ਵੱਲ ਮੋੜ ਦਿੱਤਾ। ਨਾਮੀਬੀਆ ਨੇ ਸੁਪਰ ਓਵਰ ਵਿਚ ਓਮਾਨ ਨੂੰ 11 ਦੌੜਾਂ ਨਾਲ ਹਰਾਇਆ।
ਨਾਮੀਬੀਆ ਨੇ ਸੁਪਰ ਓਵਰ ਵਿਚ ਪਹਿਲਾਂ ਬੱਲੇਬਾਜ਼ੀ ਕੀਤੀ। ਡੇਵਿਡ ਵੀਜ਼ਾ ਅਤੇ ਕਪਤਾਨ ਇਰਾਸਮਸ ਨੇ ਸਟ੍ਰਾਈਕ ਲੈ ਲਈ ਅਤੇ ਬਿਲਾਲ ਖਾਨ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ 10 ਦੌੜਾਂ ਬਣਾਈਆਂ। ਵੀਜ਼ਾ ਨੇ ਪਹਿਲੀ ਗੇਂਦ 'ਤੇ ਚੌਕਾ ਜੜਿਆ ਜਦਕਿ ਦੂਜੀ ਗੇਂਦ 'ਤੇ ਲੰਮਾ ਛੱਕਾ ਲਗਾਇਆ। ਇਸ ਤੋਂ ਬਾਅਦ ਵੀਜ਼ਾ ਨੇ ਤੀਜੀ ਗੇਂਦ 'ਤੇ 2 ਦੌੜਾਂ ਬਣਾਈਆਂ ਜਦਕਿ ਚੌਥੀ ਗੇਂਦ 'ਤੇ ਉਸ ਨੇ ਸਿੰਗਲ ਚੁਰਾ ਕੇ ਆਪਣੇ ਕਪਤਾਨ ਇਰਾਸਮਸ ਨੂੰ ਸਟ੍ਰਾਈਕ ਦਿੱਤੀ। ਨਾਮੀਬੀਆ ਦੇ ਕਪਤਾਨ ਨੇ ਆਖਰੀ ਦੋ ਗੇਂਦਾਂ 'ਤੇ ਲਗਾਤਾਰ ਚੌਕੇ ਜੜੇ ਅਤੇ ਆਪਣੀ ਟੀਮ ਦਾ ਸਕੋਰ 21 ਦੌੜਾਂ ਤੱਕ ਪਹੁੰਚਾਇਆ।
ਹੁਣ ਓਮਾਨ ਨੂੰ ਸੁਪਰ ਓਵਰ ਵਿੱਚ ਜਿੱਤ ਲਈ 22 ਦੌੜਾਂ ਬਣਾਉਣੀਆਂ ਸਨ ਪਰ, ਉਹ 10 ਦੌੜਾਂ ਤੋਂ ਅੱਗੇ ਨਹੀਂ ਵਧ ਸਕਿਆ। ਸੁਪਰ ਓਵਰ ਵਿਚ ਜਿਥੇ ਡੇਵਿਡ ਵੀਜ਼ਾ ਨੇ ਬੱਲੇ ਨਾਲ ਤਬਾਹੀ ਮਚਾਈ ਸੀ, ਉਥੇ ਹੀ ਗੇਂਦ ਨਾਲ ਓਮਾਨ ਦੇ ਛਿੱਕੇ ਛੁਡਾ ਦਿਤੇ। ਡੇਵਿਡ ਵੀਜ਼ਾ ਦੇ ਇਸ ਆਲ ਰਾਊਂਡਰ ਪ੍ਰਦਰਸ਼ਨ ਦੀ ਬਦੌਲਤ ਨਾਮੀਬੀਆ ਨੇ ਟੀ-20 ਵਿਸ਼ਵ ਕੱਪ 2024 ਦੀ ਸ਼ੁਰੂਆਤ ਰੋਮਾਂਚਕ ਜਿੱਤ ਨਾਲ ਕੀਤੀ। ਨਾਮੀਬੀਆ ਦੀ ਇਸ ਸਫਲਤਾ ਦੇ ਹੀਰੋ ਡੇਵਿਡ ਵੀਜ਼ਾ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ।
ਅਜਿਹਾ 12 ਸਾਲ ਬਾਅਦ ਹੋਇਆ
2012 ਤੋਂ ਬਾਅਦ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਦੂਜੀ ਵਾਰ ਹੈ ਜਦੋਂ ਮੈਚ ਦਾ ਫੈਸਲਾ ਸੁਪਰ ਓਵਰ ਵਿੱਚ ਹੋਇਆ ਹੈ। 12 ਸਾਲ ਪਹਿਲਾਂ 2012 ਦੇ ਟੀ-20 ਵਿਸ਼ਵ ਕੱਪ 'ਚ ਪੱਲੇਕੇਲੇ 'ਚ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਗਿਆ ਮੈਚ ਸੁਪਰ ਓਵਰ 'ਚ ਗਿਆ ਸੀ, ਜਿਸ ਨੂੰ ਕੈਰੇਬੀਅਨ ਟੀਮ ਨੇ ਜਿੱਤ ਲਿਆ ਸੀ।