
ਪੈਟਰਾਟੋਸ ਨੇ 71ਵੇਂ ਮਿੰਟ ’ਚ ਇਕੋ-ਇਕ ਗੋਲ ਕਰ ਕੇ ਮੋਹਨ ਬਾਗਾਨ ਨੂੰ ਜਿੱਤ ਦਿਵਾਈ
ਕੋਲਕਾਤਾ: ਦਿਮਿਤਰੀ ਪੇਟਰਾਟੋਸ ਦੇ ਸ਼ਾਨਦਾਰ ਗੋਲ ਦੀ ਬਦੌਲਤ ਮੋਹਨ ਬਾਗਾਨ ਸੁਪਰ ਜਾਇੰਟਸ ਨੇ 10 ਖਿਡਾਰੀਆਂ ਨਾਲ ਖੇਡਦੇ ਹੋਏ ਇੱਥੇ ਫਾਈਨਲ ’ਚ ਪੁਰਾਣੇ ਵਿਰੋਧੀ ਈਸਟ ਬੰਗਾਲ ਨੂੰ 1-0 ਨਾਲ ਹਰਾ ਕੇ 23 ਸਾਲ ਬਾਅਦ ਡੁਰੈਂਡ ਕੱਪ ਫੁਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ।
62ਵੇਂ ਮਿੰਟ ’ਚ ਅਨਿਰੁਧ ਥਾਪਾ ਦੇ ਮੈਚ ’ਚੋਂ ਬਾਹਰ ਹੋਣ ਤੋਂ ਬਾਅਦ ਮੋਹਨ ਬਾਗਾਨ ਨੂੰ ਬਾਕੀ ਮੈਚ 10 ਖਿਡਾਰੀਆਂ ਨਾਲ ਖੇਡਣਾ ਪਿਆ। ਹਾਲਾਂਕਿ, ਪੈਟਰਾਟੋਸ ਨੇ 71ਵੇਂ ਮਿੰਟ ’ਚ ਇਕੋ-ਇਕ ਗੋਲ ਕਰ ਕੇ ਮੋਹਨ ਬਾਗਾਨ ਨੂੰ ਜਿੱਤ ਦਿਵਾਈ, ਜੋ ਫੈਸਲਾਕੁੰਨ ਸਾਬਤ ਹੋਇਆ।
ਆਸਟ੍ਰੇਲੀਆ ਦੇ ਪੈਟਰਾਟੋਸ ਨੇ ਇਕੱਲੇ ਜਵਾਬੀ ਹਮਲੇ ’ਤੇ ਈਸਟ ਬੰਗਾਲ ਦੇ ਡਿਫੈਂਸ ਨੂੰ ਹਰਾਇਆ ਅਤੇ ਫਿਰ 25 ਗਜ਼ ਦੀ ਦੂਰੀ ਤੋਂ ਗਰਜਦਾਰ ਸ਼ਾਟ ਨਾਲ ਗੇਂਦ ਨੂੰ ਗੋਲ ਵਿਚ ਭੇਜ ਦਿਤਾ। ਇਸ ਦੌਰਾਨ ਈਸਟ ਬੰਗਾਲ ਦੇ ਗੋਲਕੀਪਰ ਪ੍ਰਭਸੁਖਨ ਸਿੰਘ ਗਿੱਲ ਮੂਕ ਦਰਸ਼ਕ ਬਣੇ ਰਹੇ।
ਇਹ ਮੋਹਨ ਬਾਗਾਨ ਦਾ 17ਵਾਂ ਡੁਰੈਂਡ ਕੱਪ ਖਿਤਾਬ ਹੈ। ਟੀਮ ਨੇ ਆਖ਼ਰੀ ਵਾਰ 2000 ’ਚ ਮਹਿੰਦਰਾ ਯੂਨਾਈਟਿਡ ਨੂੰ ਸੁਨਹਿਰੀ ਗੋਲ ਰਾਹੀਂ ਹਰਾ ਕੇ ਡੂਰੈਂਡ ਕੱਪ ਖ਼ਿਤਾਬ ਜਿਤਿਆ ਸੀ।
ਈਸਟ ਬੰਗਾਲ ਦੇ ਕੋਚ ਕਾਰਲੇਸ ਕੁਆਡਰੇਟ ਨੇ ਆਖਰੀ 10 ਮਿੰਟਾਂ ’ਚ ਤਿੰਨ ਬਦਲਾਅ ਕਰਦੇ ਹੋਏ ਨੀਸ਼ੂ ਕੁਮਾਰ, ਵੀ.ਪੀ. ਸੁਹੇਰ ਅਤੇ ਐਡਵਿਨ ਵੰਸ਼ਪਾਲ ਨੂੰ ਬਰਾਬਰੀ ਹਾਸਲ ਕਰਨ ਦੇ ਇਰਾਦੇ ਨਾਲ ਫੀਲਡਿੰਗ ਕੀਤੀ ਪਰ ਟੀਮ ਗੋਲ ਨਹੀਂ ਕਰ ਸਕੀ।
ਮੋਹਨ ਬਾਗਾਨ ਦੇ ਕੋਚ ਜੁਆਨ ਫੇਰਾਂਡੋ ਨੇ ਵੀ ਅਪਣੇ ਬਚਾਅ ਨੂੰ ਮਜ਼ਬੂਤ ਕੀਤਾ ਅਤੇ ਈਸਟ ਬੰਗਾਲ ਦੇ ਖਿਡਾਰੀਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਅੱਠ ਖਿਡਾਰੀਆਂ ਨੂੰ ਦਿਤੀ, ਜਿਸ ’ਚ ਉਹ ਸਫਲ ਰਹੇ। ਅਨਵਰ ਅਲੀ ਨੇ ਖਾਸ ਤੌਰ ’ਤੇ ਬਚਾਅ ਪੱਖ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਈਸਟ ਬੰਗਾਲ ਦੇ ਸਹਾਇਕ ਕੋਚ ਡਿਮਸ ਡੇਲਗਾਡੋ ਨੂੰ ਵੀ ਫੇਰਾਂਟੇ ਨਾਲ ਬਹਿਸ ਕਰਦੇ ਵੇਖਿਆ ਗਿਆ, ਜਿਸ ਲਈ ਉਸ ਨੂੰ ਦੂਜੇ ਹਾਫ ਦੇ ਵਾਧੂ ਸਮੇਂ ’ਚ ਲਾਲ ਕਾਰਡ ਵਿਖਾਇਆ ਗਿਆ।
ਈਸਟ ਬੰਗਾਲ ਦੇ ਐਡਵਿਨ ਵੰਸ਼ਪਾਲ ਨੂੰ 86ਵੇਂ ਮਿੰਟ ’ਚ ਗੋਲ ਕਰਨ ਦਾ ਮੌਕਾ ਮਿਲਿਆ ਪਰ ਚੌਕਸ ਅਨਵਰ ਅਲੀ ਨੇ ਉਸ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ ਅਤੇ ਵਿਰੋਧੀ ਟੀਮ ਨੂੰ ਬਰਾਬਰੀ ਹਾਸਲ ਕਰਨ ਤੋਂ ਰੋਕ ਦਿਤਾ।
ਮੋਹਨ ਬਾਗਾਨ ਨੇ ਇਸ ਤਰ੍ਹਾਂ 2004 ਦੇ ਡੁਰੈਂਡ ਕੱਪ ਦੇ ਫਾਈਨਲ ’ਚ ਈਸਟ ਬੰਗਾਲ ਤੋਂ ਮਿਲੀ 1-2 ਦੀ ਹਾਰ ਦਾ ਬਦਲਾ ਲਿਆ। ਈਸਟ ਬੰਗਾਲ ਦਾ ਰਾਸ਼ਟਰੀ ਪੱਧਰ ਦਾ ਖਿਤਾਬ ਜਿੱਤਣ ਦਾ ਇੰਤਜ਼ਾਰ 11 ਸਾਲਾਂ ਤੋਂ ਵੱਧ ਦਾ ਹੈ। ਸੀਨੀਅਰ ਪੱਧਰ ’ਤੇ ਟੀਮ ਦਾ ਆਖਰੀ ਰਾਸ਼ਟਰੀ ਖਿਤਾਬ 2012 ’ਚ ਫੈਡਰੇਸ਼ਨ ਕੱਪ ਸੀ।