
ਸਭ ਨੇ ਕਰਾਟੇ ਖਿਡਾਰੀ ਦਾ ਭਰਵਾਂ ਸਵਾਗਤ ਕੀਤਾ ਅਤੇ ਦਾਦਾ-ਦਾਦੀ ਅਤੇ ਪਰਿਵਾਰ ਨੇ ਭੰਗੜਾ ਪਾ ਕੇ ਖੁਸ਼ੀ ਜਾਹਿਰ ਕੀਤੀ।
ਗੁਰਦਾਸਪੁਰ - ਗੁਰਦਾਸਪੁਰ ਦੇ 9 ਸਾਲਾ ਸਨਮਦੀਪ ਸਿੰਘ ਨੇ ਮਲੇਸ਼ੀਆ 'ਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਦਰਅਸਲ ਸਨਮਦੀਪ ਸਿੰਘ ਨੇ ਮਲੇਸ਼ੀਆ 'ਚ ਹੋਈ ਕਰਾਟੇ ਚੈਂਪੀਅਨਸ਼ਿਪ 'ਚੋਂ ਸੋਨ ਤਮਗ਼ਾ ਜਿੱਤਿਆ ਹੈ। ਇਸ ਦੇ ਨਾਲ ਹੀ ਚੈਂਪੀਅਨ ਦਾ ਖ਼ਿਤਾਬ ਜਿੱਤ ਕੇ ਜਦ ਉਹ ਆਪਣੇ ਸ਼ਹਿਰ ਗੁਰਦਾਸਪੁਰ ਪਹੁੰਚਿਆ ਤਾਂ ਉਸ ਦੀ ਘਰ ਵਾਪਸੀ 'ਤੇ ਪਰਿਵਾਰ ਨੇ ਧੂਮ-ਧੜਾਕੇ ਨਾਲ ਉਸ ਦਾ ਸੁਆਗਤ ਕੀਤਾ।
ਸਭ ਨੇ ਕਰਾਟੇ ਖਿਡਾਰੀ ਦਾ ਭਰਵਾਂ ਸਵਾਗਤ ਕੀਤਾ ਅਤੇ ਦਾਦਾ-ਦਾਦੀ ਅਤੇ ਪਰਿਵਾਰ ਨੇ ਭੰਗੜਾ ਪਾ ਕੇ ਖੁਸ਼ੀ ਜਾਹਿਰ ਕੀਤੀ। ਉਥੇ ਹੀ ਪਰਿਵਾਰ ਇਸ ਗੱਲ ਦੀ ਵੀ ਖੁਸ਼ੀ ਮਨਾ ਰਿਹਾ ਹੈ ਕਿ ਉਨ੍ਹਾਂ ਦੇ ਬੱਚੇ ਨੇ ਲਗਾਤਾਰ ਦੋ ਵਾਰ ਵਿਦੇਸ਼ ਦੀ ਧਰਤੀ 'ਤੇ ਜਿੱਤ ਹਾਸਲ ਕੀਤੀ ਅਤੇ ਪੂਰੇ ਦੇਸ਼, ਸੂਬੇ ਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ।
ਸਨਮਦੀਪ ਸਿੰਘ ਦੇ ਦਾਦਾ ਨਰਿੰਦਰ ਸਿੰਘ ਨੇ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਨਮਦੀਪ ਦੇ ਮਲੇਸ਼ੀਆ ਤੋਂ ਭਾਰਤ ਪਰਤਣ ਬਾਰੇ ਉਨ੍ਹਾਂ
ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਪਰ ਇਸ ਦੇ ਬਾਵਜੂਦ ਕੋਈ ਵੀ ਅਧਿਕਾਰੀ ਜਾਂ ਜ਼ਿਲ੍ਹਾ ਖੇਡ ਅਧਿਕਾਰੀ ਉਸ ਦੇ ਸਵਾਗਤ ਲਈ ਨਹੀਂ ਆਇਆ।
ਸਨਮਦੀਪ ਸਿੰਘ ਨੇ ਇਸ ਵਾਰ ਜਿਥੇ ਮਲੇਸ਼ੀਆ 'ਚ ਹੋਏ ਕਰਾਟੇ ਮੁਕਾਬਲੇ 'ਚ ਤਿੰਨ ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ ਇਸ ਦੇ ਨਾਲ ਹੀ ਉਸ ਨੂੰ ਚੈਂਪੀਅਨ ਦਾ ਵੀ ਖ਼ਿਤਾਬ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਵੀ ਉਹ ਦੁਬਈ 'ਚ ਬੁਡੋਕਾਨ ਕਰਾਟੇ ਚੈਂਪੀਅਨਸ਼ਿਪ 'ਚ ਵੀ ਸੋਨ ਤਮਗ਼ਾ ਜਿੱਤਿਆ ਸੀ। ਜ਼ਿਕਰਯੋਗ ਹੈ ਕਿ ਸਨਮਦੀਪ ਸਿੰਘ ਨੇ ਇੱਕ ਸਾਲ ਵਿਚ ਇਹ ਦੂਜਾ ਸੋਨ ਤਗਮਾ ਜਿੱਤਿਆ ਹੈ।