
ਭਾਰਤ ਨੂੰ ਹੁਣ ਪੰਜ ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਖੇਡਣ ਲਈ ਆਸਟਰੇਲੀਆ ਰਵਾਨਾ ਹੋਣਾ ਹੈ
ਦੁਬਈ : ਨਿਊਜ਼ੀਲੈਂਡ ਵਿਰੁਧ ਘਰੇਲੂ ਸੀਰੀਜ਼ ’ਚ 0-3 ਦੀ ਸ਼ਰਮਨਾਕ ਹਾਰ ਤੋਂ ਬਾਅਦ ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੀ ਰੈਂਕਿੰਗ ’ਚ ਆਸਟਰੇਲੀਆ ਤੋਂ ਚੋਟੀ ਦਾ ਸਥਾਨ ਗੁਆ ਦਿਤਾ ਹੈ ਅਤੇ ਹੁਣ ਫਾਈਨਲ ਦੀ ਦੌੜ ’ਚ ਬਣੇ ਰਹਿਣ ਲਈ ਉਸ ਨੂੰ ਆਸਟਰੇਲੀਆ ’ਚ ਪੰਜ ਮੈਚਾਂ ਦੀ ਲੜੀ ਦੇ ਘੱਟੋ-ਘੱਟ ਚਾਰ ਮੈਚ ਜਿੱਤਣੇ ਹੋਣਗੇ।
ਮੁੰਬਈ ’ਚ ਖੇਡੇ ਗਏ ਤੀਜੇ ਟੈਸਟ ’ਚ ਨਿਊਜ਼ੀਲੈਂਡ ਨੇ ਨਿਊਜ਼ੀਲੈਂਡ ਨੂੰ 25 ਦੌੜਾਂ ਨਾਲ ਹਰਾ ਕੇ 3-0 ਨਾਲ ਜਿੱਤ ਦਰਜ ਕੀਤੀ। 1999-2000 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਨੂੰ ਟੈਸਟ ਮੈਚਾਂ ’ਚ ‘ਵਾਈਟਵਾਸ਼’ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਬਾਅਦ ਟੀਮ ਨੂੰ ਦਖਣੀ ਅਫਰੀਕਾ ਨੇ 2-0 ਨਾਲ ਹਰਾਇਆ ਸੀ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਘੱਟੋ-ਘੱਟ ਤਿੰਨ ਮੈਚਾਂ ਦੀ ਸੀਰੀਜ਼ ਦੇ ਸਾਰੇ ਮੈਚ ਹਾਰੇ ਹਨ।
WTC ਦੇ ਮੌਜੂਦਾ ਚੱਕਰ ’ਚ ਭਾਰਤ ਦੀ ਇਹ ਪੰਜਵੀਂ ਹਾਰ ਹੈ। ਜਿਸ ਕਾਰਨ ਉਸ ਦੇ ਪੁਆਇੰਟ ਫ਼ੀ ਸਦੀ (ਪੀ.ਸੀ.ਟੀ.) ’ਚ ਵੱਡੀ ਗਿਰਾਵਟ ਆਈ। ਟੀਮ ਦਾ ਅੰਕ ਫ਼ੀ ਸਦੀ 62.82 ਤੋਂ ਘਟ ਕੇ 58.33 ਹੋ ਗਿਆ। ਭਾਰਤ ਇਸ ਤਰ੍ਹਾਂ ਮੌਜੂਦਾ ਚੈਂਪੀਅਨ ਆਸਟਰੇਲੀਆ ਤੋਂ ਬਾਅਦ ਦੂਜੇ ਸਥਾਨ ’ਤੇ ਖਿਸਕ ਗਿਆ, ਜਿਸ ਨੇ 62.50 ਦੇ ਪੀ.ਸੀ.ਟੀ. ਨਾਲ ਚੋਟੀ ਦਾ ਸਥਾਨ ਹਾਸਲ ਕੀਤਾ ਹੈ।
ਭਾਰਤ ਨੂੰ ਹੁਣ ਪੰਜ ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਖੇਡਣ ਲਈ ਆਸਟਰੇਲੀਆ ਰਵਾਨਾ ਹੋਣਾ ਹੈ। ਇਸ ਸੀਰੀਜ਼ ਦੀ ਮਹੱਤਤਾ ਹੁਣ ਹੋਰ ਵੀ ਵੱਧ ਗਈ ਹੈ ਕਿਉਂਕਿ ਦੋਵੇਂ ਟੀਮਾਂ ਚੋਟੀ ਦੇ ਦੋ ਸਥਾਨਾਂ ਲਈ ਮੁਕਾਬਲਾ ਕਰਨਗੀਆਂ। ਫਾਈਨਲ ’ਚ ਜਗ੍ਹਾ ਪੱਕੀ ਕਰਨ ਲਈ ਭਾਰਤ ਨੂੰ ਆਸਟਰੇਲੀਆ ’ਤੇ 4-0 ਨਾਲ ਜਿੱਤ ਦਰਜ ਕਰਨੀ ਹੋਵੇਗੀ ਕਿਉਂਕਿ ਇਸ ਨਾਲ ਉਸ ਦਾ ਪੀ.ਸੀ.ਟੀ. ਵਧ ਕੇ 65.79 ਹੋ ਜਾਵੇਗਾ।
ਇਥੋਂ ਤਕ ਕਿ 2-3 ਦੀ ਹਾਰ ਨਾਲ ਵੀ ਦੂਜੇ ਸਥਾਨ ’ਤੇ ਰਹਿਣ ਦੀ ਸੰਭਾਵਨਾ ਤਾਂ ਹੀ ਹੋਵੇਗੀ ਜੇਕਰ ਨਿਊਜ਼ੀਲੈਂਡ, ਇੰਗਲੈਂਡ ਅਤੇ ਦਖਣੀ ਅਫਰੀਕਾ ਨਾਲ ਅਪਣੀ ਸੀਰੀਜ਼ ਡਰਾਅ ਕਰ ਲੈਣ। ਮੌਜੂਦਾ ਚੈਂਪੀਅਨ ਆਸਟਰੇਲੀਆ ਨੂੰ ਲਗਾਤਾਰ ਦੂਜੀ ਵਾਰ ਕੁਆਲੀਫਾਈ ਕਰਨ ਲਈ ਭਾਰਤ ’ਤੇ 3-2 ਨਾਲ ਜਿੱਤ ਦਰਜ ਕਰਨੀ ਹੋਵੇਗੀ। ਇਸ ਨਾਲ ਉਹ ਦੌੜ ’ਚ ਚੋਟੀ ’ਤੇ ਬਣੇ ਰਹਿਣਗੇ, ਭਾਵੇਂ ਬਾਅਦ ’ਚ ਸ਼੍ਰੀਲੰਕਾ ਵਿਰੁਧ ਉਨ੍ਹਾਂ ਦਾ ਪ੍ਰਦਰਸ਼ਨ ਖਰਾਬ ਵੀ ਰਹੇ।
ਹਾਲਾਂਕਿ ਬਾਹਰੀ ਨਤੀਜਿਆਂ ’ਤੇ ਨਿਰਭਰ ਰਹਿਣ ਤੋਂ ਬਚਣ ਲਈ ਉਸ ਨੂੰ ਅਪਣੇ ਬਾਕੀ ਬਚੇ ਸੱਤ ਮੈਚਾਂ ’ਚੋਂ ਪੰਜ ਜਿੱਤਣੇ ਪੈਣਗੇ। ਭਾਰਤ ਵਿਚ ਨਿਊਜ਼ੀਲੈਂਡ ਦੀ ਇਤਿਹਾਸਕ ਸੀਰੀਜ਼ ਜਿੱਤ ਨੇ ਉਨ੍ਹਾਂ ਦੀਆਂ WTC ਫਾਈਨਲ ਦੀਆਂ ਇੱਛਾਵਾਂ ਨੂੰ ਵੀ ਮਜ਼ਬੂਤ ਕੀਤਾ ਹੈ। ਨਿਊਜ਼ੀਲੈਂਡ 54.55 ਦੇ ਪੀ.ਸੀ.ਟੀ. ਨਾਲ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਸ਼੍ਰੀਲੰਕਾ 55.56 ਦੇ ਪੀ.ਸੀ.ਟੀ. ਨਾਲ ਤੀਜੇ ਸਥਾਨ ’ਤੇ ਹੈ। ਇੰਗਲੈਂਡ ਵਿਰੁਧ ਤਿੰਨ ਘਰੇਲੂ ਟੈਸਟ ਮੈਚ ਬਾਕੀ ਹਨ ਅਤੇ ਨਿਊਜ਼ੀਲੈਂਡ ਤਿੰਨੋਂ ਮੈਚ ਜਿੱਤ ਕੇ ਅਪਣੀਆਂ ਉਮੀਦਾਂ ਨੂੰ ਜਿਉਂਦਾ ਰੱਖ ਸਕਦਾ ਹੈ ਅਤੇ ਉਸ ਦਾ ਫ਼ੀ ਸਦੀ 64.29 ਹੋ ਸਕਦਾ ਹੈ।
ਅਪਣੇ ਹਾਲੀਆ ਪ੍ਰਦਰਸ਼ਨ ਤੋਂ ਉਤਸ਼ਾਹਿਤ ਸ਼੍ਰੀਲੰਕਾ ਦੀ ਟੀਮ ਵੀ ਤੀਜੇ ਸਥਾਨ ’ਤੇ ਹੈ। ਦਖਣੀ ਅਫਰੀਕਾ ਅਤੇ ਆਸਟਰੇਲੀਆ ਵਿਰੁਧ ਚਾਰ ਮਹੱਤਵਪੂਰਨ ਟੈਸਟ ਮੈਚ ਬਾਕੀ ਹਨ, ਉਹ ਚਾਰ ਜਿੱਤਾਂ ਨਾਲ ਫਾਈਨਲ ’ਚ ਜਗ੍ਹਾ ਬਣਾ ਸਕਦਾ ਹੈ, ਜਿਸ ਨਾਲ ਉਸ ਦਾ ਫ਼ੀ ਸਦੀ 69.23 ਹੋ ਗਿਆ ਹੈ।
ਦਖਣੀ ਅਫਰੀਕਾ 54.17 ਦੇ ਪੀ.ਸੀ.ਟੀ. ਨਾਲ ਪੰਜਵੇਂ ਸਥਾਨ ’ਤੇ ਹੈ। ਉਹ ਚੋਟੀ ਦੇ ਦੋ ਵਿਚ ਰਹਿਣ ਅਤੇ ਅਗਲੇ ਸਾਲ ਲਾਰਡਜ਼ ਵਿਚ WTC ਫਾਈਨਲ ਵਿਚ ਜਗ੍ਹਾ ਬਣਾਉਣ ਦੀ ਦੌੜ ਵਿਚ ਵੀ ਹੈ। ਦਖਣੀ ਅਫਰੀਕਾ ਨੂੰ ਸ਼੍ਰੀਲੰਕਾ ਅਤੇ ਪਾਕਿਸਤਾਨ ਵਿਰੁਧ ਚਾਰ ਟੈਸਟ ਮੈਚ ਖੇਡਣੇ ਹਨ। ਉਹ ਚਾਰੇ ਟੈਸਟ ਜਿੱਤ ਕੇ 69.44 ਫ਼ੀ ਸਦੀ ਪ੍ਰਾਪਤ ਕਰਨਾ ਚਾਹੁੰਦੇ ਹਨ ਅਤੇ ਇਸ ਨੂੰ ਸਿਰਫ ਤਾਂ ਹੀ ਪਾਰ ਕੀਤਾ ਜਾ ਸਕਦਾ ਹੈ ਜੇ ਆਸਟਰੇਲੀਆ ਅਪਣੇ ਬਿਹਤਰੀਨ 76.32 ਫ਼ੀ ਸਦੀ ਅੰਕ ਪ੍ਰਾਪਤ ਕਰੇ।