
ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵਲੋਂ ਮੁਹਾਲੀ ਦੇ ਪੀ.ਆਈ.ਐਸ. ਹਾਕੀ ਸਟੇਡੀਅਮ ਵਿਚ ਕਰਵਾਏ ਜਾ ਰਹੇ ਪਹਿਲੇ ਅੰਡਰ-19 ਕੇਸਾਧਾਰੀ ਹਾਕੀ ਗੋਲਡ ਕੱਪ ਟੂਰਨਾਮੈਂਟ.....
ਐਸ.ਏ.ਐਸ.ਨਗਰ : ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵਲੋਂ ਮੁਹਾਲੀ ਦੇ ਪੀ.ਆਈ.ਐਸ. ਹਾਕੀ ਸਟੇਡੀਅਮ ਵਿਚ ਕਰਵਾਏ ਜਾ ਰਹੇ ਪਹਿਲੇ ਅੰਡਰ-19 ਕੇਸਾਧਾਰੀ ਹਾਕੀ ਗੋਲਡ ਕੱਪ ਟੂਰਨਾਮੈਂਟ ਦੇ ਚੌਥੇ ਦਿਨ ਸੈਮੀਫ਼ਾਈਨਲ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਪਾਲ ਸਿੰਘ ਰਾਊਂਡ ਗਲਾਸ ਸਪੋਰਟਸ ਪ੍ਰਾ: ਲਿਮ: ਨੇ ਅਪਣੇ ਕਰ ਕਮਲਾਂ ਨਾਲ ਕੀਤਾ। ਉਨ੍ਹਾਂ ਨੇ ਇਸ ਗੋਲਡ ਕੱਪ ਦਾ ਤੀਸਰਾ 21 ਹਜ਼ਾਰ ਰੁਪਏ ਦਾ ਨਕਦ ਇਨਾਮ ਅਪਣੀ ਕੰਪਨੀ ਵਲੋਂ ਸਪਾਂਸਰ ਕਰਨ ਦਾ ਐਲਾਨ ਵੀ ਕੀਤਾ।
ਐਤਵਾਰ ਨੂੰ ਪਹਿਲਾ ਸੈਮੀਫ਼ਾਈਨਲ ਮੈਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਤੇ ਪੀ.ਆਈ.ਐਸ. ਲੁਧਿਆਣਾ ਵਿਚਕਾਰ ਖੇਡਿਆ ਗਿਆ। ਮੈਚ ਦੇ ਪਹਿਲੇ 18 ਮਿੰਟਾਂ ਵਿਚ ਦੋਵੇਂ ਟੀਮਾਂ ਬਰਾਬਰ ਰਹੀਆਂ ਪਰ ਮੈਚ ਦੇ 19ਵੇਂ ਮਿੰਟ ਵਿਚ ਸੁਰਜੀਤ ਅਕੈਡਮੀ ਦੇ ਜਸ੍ਰਪੀਤ ਸਿੰਘ ਨੇ ਲੁਧਿਆਣਾ ਦੀ ਸੁਰੱਖਿਆ ਪੰਕਤੀ ਨੂੰ ਤੋੜ ਕੇ ਤੇ ਗੋਲਕੀਪਰ ਦਰਸ਼ਪ੍ਰੀਤ ਸਿੰਘ ਨੂੰ ਝਕਾਨੀ ਦੇ ਕੇ ਪਹਿਲਾ ਫੀਲਡ ਗੋਲ ਦਾਗ ਕੇ ਆਪਣੀ ਟੀਮ ਦਾ ਹੌਂਸਲਾ ਬੁਲੰਦ ਕਰ ਦਿਤਾ। ਸੁਰਜੀਤ ਅਕੈਡਮੀ ਵਲੋਂ 22ਵੇਂ ਮਿੰਟ ਵਿਚ ਸਿਮਰਨਜੋਤ ਸਿੰਘ ਅਤੇ 46ਵੇਂ ਮਿੰਟ ਵਿਚ ਅੰਮ੍ਰਿਤਪਾਲ ਸਿੰਘ ਨੇ ਆਪਣੀ ਟੀਮ ਨੂੰ ਨੂੰ 3-0 ਗੋਲਾਂ ਦੀ ਲੀਡ ਦਿਵਾ ਕੇ
ਫ਼ਾਈਨਲ ਵਿਚ ਪੁੱਜਣ ਲਈ ਆਪਣੀ ਪੱਕੀ ਟਿਕਟ ਕਰਵਾ ਦਿਤੀ। ਇਸ ਮੈਚ ਵਿਚ ਸੁਰਜੀਤ ਅਕੈਡਮੀ ਦੇ ਸਿਮਰਨਜੋਤ ਸਿੰਘ ਨੂੰ ਮੈਨ ਆਫ਼ ਦੀ ਮੈਚ ਨਾਲ ਸਨਮਾਨਿਤ ਕੀਤਾ ਗਿਆ। ਦੂਸਰਾ ਸੈਮੀਫਾਈਨਲ ਮੈਚ ਸ਼ਾਹਬਾਦ (ਹਰਿਆਣਾ) ਤੇ ਬਾਬਾ ਉੱਤਮ ਸਿੰਘ ਹਾਕੀ ਅਕੈਡਮੀ ਖਡੂਰ ਸਾਹਿਬ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿਚ ਖਡੂਰ ਸਾਹਿਬ ਦੇ ਲਵਜੀਤ ਸਿੰਘ ਨੇ ਮੈਚ ਦੇ 14ਵੇਂ ਮਿੰਟ ਵਿਚ ਫੀਲਡ ਗੋਲ ਕਰ ਕੇ ਆਪਣੀ ਟੀਮ ਨੂੰ ਬੜ੍ਹਤ ਨੂੰ ਦਿਵਾ ਦਿਤੀ। ਇਸ ਬੜ੍ਹਤ ਨੂੰ 20ਵੇਂ ਮਿੰਟ ਵਿਚ ਖਡੂਰ ਸਾਹਿਬ ਦੇ ਗੁਰਸ਼ਰਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕਰ ਕੇ 2-0 ਗੋਲਾਂ ਨਾਲ ਵਧਾ ਦਿਤੀ।
ਸੋਮਵਾਰ ਨੂੰ ਦੂਸਰੀ ਉਪ-ਜੇਤੂ ਟਰਾਫ਼ੀ ਤੇ ਫੇਅਰ ਪਲੇਅ ਟਰਾਫ਼ੀ ਲਈ ਪੀ.ਆਈ.ਐਸ.ਲੁਧਿਆਣਾ ਤੇ ਬਾਬਾ ਉੱਤਮ ਸਿੰਘ ਹਾਕੀ ਅਕੈਡਮੀ ਖਡੂਰ ਸਾਹਿਬ ਵਿਚਕਾਰ ਮੈਚ ਬਾਅਦ ਦੁਪਿਹਰ 1 ਵਜੇ ਅਤੇ ਵੱਕਾਰੀ 'ਗੋਲਡ ਕੱਪ' ਤੇ ਉਪ-ਜੇਤੂ ਟਰਾਫ਼ੀ ਲਈ ਫਾਈਨਲ ਮੈਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਤੇ ਸ਼ਾਹਬਾਦ (ਹਰਿਆਣਾ) ਦਰਮਿਆਨ ਬਾਅਦ ਦੁਪਿਹਰ 3 ਵਜੇ ਖੇਡਿਆ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪਰਜੀਤ ਸਿੰਘ ਕਾਹਲੋਂ, ਬਲਿੰਦਰ ਸਿੰਘ ਬੀ.ਐਲ.ਈ.ਓ., ਪ੍ਰੋ: ਗੁਰਚਰਨ ਸਿੰਘ ਗਿੱਲ ਸਕੱਤਰ ਸਪੋਰਟਸ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚੰਡੀਗੜ੍ਹ, ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ।