
ਭਾਰਤੀ ਖਿਡਾਰੀਆਂ ਨੇ ਸਾਬਕਾ ਕ੍ਰਿਕਟਰ ਪਦਮਾਕਰ ਸ਼ਿਵਾਲਕਰ ਨੂੰ ਦਿੱਤੀ ਸ਼ਰਧਾਂਜਲੀ
ICC Champion Trophy: ਆਈਸੀਸੀ ਚੈਂਪੀਅਨਜ਼ ਟਰਾਫੀ 2025 ਵਿੱਚ ਆਸਟ੍ਰੇਲੀਆ ਖ਼ਿਲਾਫ਼ ਸੈਮੀਫਾਈਨਲ ਮੈਚ ਤੋਂ ਠੀਕ ਪਹਿਲਾਂ ਸਾਬਕਾ ਤਜਰਬੇਕਾਰ ਕ੍ਰਿਕਟਰ ਪਦਮਾਕਰ ਸ਼ਿਵਾਲਕਰ ਦਾ ਦਿਹਾਂਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸ਼ਿਵਲਕਰ ਨੇ ਭਾਰਤੀ ਕ੍ਰਿਕਟ ਨੂੰ ਅੱਗੇ ਵਧਾਉਣ ਵਿੱਚ ਬਹੁਤ ਯੋਗਦਾਨ ਪਾਇਆ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਭਾਰਤੀ ਖਿਡਾਰੀ ਆਪਣੀਆਂ ਬਾਹਾਂ ਉੱਤੇ ਕਾਲੀ ਪੱਟੀ ਬੰਨ੍ਹ ਕੇ ਸੈਮੀਫ਼ਾਈਨਲ ਮੈਚ ਖੇਡ ਰਹੇ ਹਨ।
ਬੀਸੀਸੀਆਈ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਬੀਸੀਸੀਆਈ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਅਸੀਂ ਭਾਰਤ ਦੇ ਸਭ ਤੋਂ ਵਧੀਆ ਸਪਿਨਰਾਂ ਵਿੱਚੋਂ ਇੱਕ ਪਦਮਾਕਰ ਸ਼ਿਵਾਲਕਰ ਦੇ ਮੰਦਭਾਗੇ ਦਿਹਾਂਤ 'ਤੇ ਸੋਗ ਪ੍ਰਗਟ ਕਰਦੇ ਹਾਂ।
ਘਰੇਲੂ ਕ੍ਰਿਕਟ ਵਿੱਚ ਮੁੰਬਈ ਦੇ ਸਟਾਰ ਸਪਿਨਰ ਪਦਮਾਕਰ ਸ਼ਿਵਾਲਕਰ ਨੇ 84 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਉਨ੍ਹਾਂ ਨੇ ਘਰੇਲੂ ਕ੍ਰਿਕਟ ਵਿੱਚ ਮੁੰਬਈ ਲਈ 124 ਪਹਿਲੀ ਸ਼੍ਰੇਣੀ ਮੈਚ ਖੇਡੇ, ਜਿਸ ਵਿੱਚ 19.69 ਦੀ ਪ੍ਰਭਾਵਸ਼ਾਲੀ ਔਸਤ ਨਾਲ 589 ਵਿਕਟਾਂ ਲਈਆਂ। ਘਰੇਲੂ ਕ੍ਰਿਕਟ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਬਾਵਜੂਦ ਸ਼ਿਵਾਲਕਰ ਕਦੇ ਵੀ ਟੀਮ ਇੰਡੀਆ ਵਿੱਚ ਜਗ੍ਹਾ ਨਹੀਂ ਬਣਾ ਸਕਿਆ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਉਸ ਸਮੇਂ ਭਾਰਤੀ ਟੀਮ ਵਿੱਚ ਬਿਸ਼ਨ ਸਿੰਘ ਬੇਦੀ ਦਾ ਖੇਡਣਾ ਸੀ।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਕ੍ਰਿਕਟ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ, ਬੀਸੀਸੀਆਈ ਨੇ ਉਨ੍ਹਾਂ ਨੂੰ 2017 ਦੇ ਨਮਨ ਪੁਰਸਕਾਰ ਸਮਾਰੋਹ ਵਿੱਚ ਕਰਨਲ ਸੀਕੇ ਨਾਇਡੂ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਆਪਣੇ ਐਕਸ ਅਕਾਊਂਟ ਤੋਂ ਉਹ ਵੀਡੀਓ ਸਾਂਝਾ ਕੀਤਾ ਹੈ।