
ਪੈਨਲਟੀ ਸ਼ੂਟਆਊਟ ’ਚ ਕੁਵੈਤ ਨੂੰ 4-5 ਨਾਲ ਹਰਾਇਆ
ਬੇਂਗਲੁਰੂ: ਭਾਰਤ ਨੇ ਅੱਜ ਸੈਫ਼ ਫ਼ੁਟਬਾਲ ਚੈਂਪੀਅਨਸ਼ਿਪ ਨੂੰ ਰੀਕਾਰਡ 9ਵੀਂ ਵਾਰੀ ਜਿੱਤ ਲਿਆ ਹੈ। ਬੇਂਗਲੁਰੂ ਦੇ ਸ੍ਰੀ ਕ੍ਰਾਂਤੀਵੀਰ ਸਟੇਡੀਅਮ ’ਚ ਹੋਏ ਮੈਚ ਦੌਰਾਨ ਪੰਜਾਬ ਦੇ ਗੁਰਪ੍ਰੀਤ ਸਿੰਘ ਨੇ ਆਖ਼ਰੀ ਪੈਨਲਟੀ ਰੋਕ ਕੇ ਦੇਸ਼ ਨੂੰ ਜਿੱਤ ਦਿਵਾਈ। ਭਾਰਤ ਨੇ 2005 ਤੋਂ ਬਾਅਦ ਦੇਸ਼ ਅੰਦਰ ਕੋਈ ਫ਼ਾਈਨਲ ਮੈਚ ਨਹੀਂ ਗੁਆਇਆ ਹੈ।
ਇਸ ਤੋਂ ਪਹਿਲਾਂ 90 ਮਿੰਟਾਂ ਦੀ ਖੇਡ ਤਕ ਦੇਵੇਂ ਦੇਸ਼ 1-1 ਗੋਲ ਕਰ ਕੇ ਬਰਾਬਰੀ ’ਤੇ ਸਨ। ਕੁਵੈਤ ਦੇ ਅਲਖ਼ਾਲਦੀ ਨੇ 13ਵੇਂ ਮਿੰਟ ’ਚ ਹੀ ਭਾਰਤ ਵਿਰੁਧ ਗੋਲ ਕਰ ਕੇ ਅਪਣੀ ਟੀਮ ਨੂੰ ਅੱਗੇ ਕਰ ਦਿਤਾ ਸੀ। ਪਰ 38ਵੇਂ ਮਿੰਟ ’ਚ ਲਾਲੀਆਂਜ਼ੁਲਾ ਚੰਗਤੇ ਨੇ ਭਾਰਤ ਲਈ ਗੋਲ ਕਰ ਕੇ ਦੋਹਾਂ ਟੀਮ ਦਾ ਸਕੋਰ ਬਰਾਬਰ ਕਰ ਦਿਤਾ।
ਅੱਧੇ ਘੰਟੇ ਦੇ ਵਾਧੂ ਸਮੇਂ ਦੌਰਾਨ ਦੋਹਾਂ ਟੀਮਾਂ ’ਚੋਂ ਕੋਈ ਟੀਮ ਗੋਲ ਨਾ ਕਰ ਸਕੀ। ਜਿਸ ਤੋਂ ਬਾਅਦ ਪੈਨਲਟੀ ਰਾਹੀਂ ਮੈਚ ਦਾ ਫੈਸਲਾ ਹੋਇਆ ਜਦੋਂ ਗੁਰਪ੍ਰੀਤ ਸੰਧੂ ਨੇ ਕੁਵੈਤ ਦੇ ਕਪਤਾਨ ਖ਼ਾਲਿਦ ਅਜੀਹਾ ਦਾ ਗੋਲ ਰੋਕ ਲਿਆ ਅਤੇ ਅਪਣੇ ਟੀਮ ਨੂੰ 9ਵੀਂ ਵਾਰੀ ਚੈਂਪੀਅਨਸ਼ਿਪ ਦਿਵਾਈ।
ਜ਼ਿਕਰਯੋਗ ਹੈ ਕਿ ਸੈਮੀਫ਼ਾਈਨਲ ਮੈਚ ’ਚ ਲੇਬਨਾਨ ਵਿਰੁਧ ਵੀ ਪੈਨਲਟੀ ਸ਼ੂਟਆਊਟ ’ਚ ਸ਼ਾਨਦਾਰ ਬਚਾਅ ਕਰ ਕੇ ਭਾਰਤੀ ਟੀਮ ਨੂੰ ਫ਼ਾਈਨਲ ’ਚ ਪਹੁੰਚਾਉਣ ਵਾਲਾ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਹੀ ਸੀ।