
ਕਪਤਾਨ ਰੋਹਿਤ ਸ਼ਰਮਾ ਨੇ ਦੇਸ਼ ਨੂੰ ਸਮਰਪਿਤ ਕੀਤੀ ਟਰਾਫੀ ,ਕਿਹਾ - ਟਰਾਫੀ ਹਰ ਭਾਰਤੀ ਲਈ
Team India : ਟੀ-20 ਵਿਸ਼ਵ ਚੈਂਪੀਅਨ ਟੀਮ ਇੰਡੀਆ ਦਾ ਸਨਮਾਨ ਸਮਾਰੋਹ ਵਾਨਖੇੜੇ ਸਟੇਡੀਅਮ 'ਚ ਜਾਰੀ ਹੈ। ਇਸ ਦੌਰਾਨ BCCI ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਟੀਮ ਇੰਡੀਆ ਨੂੰ 125 ਕਰੋੜ ਰੁਪਏ ਦਾ ਚੈੱਕ ਦਿੱਤਾ ਹੈ। ਇੱਥੇ ਰਾਤ 9 ਵਜੇ ਰਾਸ਼ਟਰੀ ਗੀਤ ਨਾਲ ਸਨਮਾਨ ਸ਼ੁਰੂ ਹੋਇਆ। ਕਪਤਾਨ ਰੋਹਿਤ ਸ਼ਰਮਾ ਨੇ ਟਰਾਫੀ ਦੇਸ਼ ਨੂੰ ਸਮਰਪਿਤ ਕੀਤੀ। ਉਸ ਤੋਂ ਬਾਅਦ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਉਹ ਟੀਮ ਦੇ ਪਿਆਰ ਦੀ ਕਮੀ ਮਹਿਸੂਸ ਕਰਨਗੇ।
ਵਿਰਾਟ ਕੋਹਲੀ ਨੇ ਕਿਹਾ, 'ਜਸਪ੍ਰੀਤ ਬੁਮਰਾਹ ਨੇ ਦੇਸ਼ ਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ ਹੈ। ਉਸ ਵਰਗਾ ਗੇਂਦਬਾਜ਼ ਜਨਰੇਸ਼ਨ ਵਿੱਚ ਇੱਕ ਵਾਰ ਹੀ ਆਉਂਦਾ ਹੈ। ਉਹ ਦੁਨੀਆ ਦਾ 8ਵਾਂ ਅਜੂਬਾ ਹੈ। ਅੰਤ 'ਚ ਬੁਮਰਾਹ ਨੇ ਕਿਹਾ, 'ਮੈਂ ਕਿਸੇ ਮੈਚ ਤੋਂ ਬਾਅਦ ਰੋਦਾ ਨਹੀਂ ਹਾਂ ਪਰ ਫਾਈਨਲ ਤੋਂ ਬਾਅਦ ਮੇਰੀਆਂ ਅੱਖਾਂ 'ਚੋਂ 2-3 ਵਾਰ ਹੰਝੂ ਨਿਕਲ ਆਏ।'
ਇਸ ਤੋਂ ਪਹਿਲਾਂ ਜਿੱਤ ਪਰੇਡ ਦੌਰਾਨ ਵਿਜੇ ਰੱਥ 'ਤੇ ਸਵਾਰ ਖਿਡਾਰੀ ਇਕ-ਇਕ ਕਰਕੇ ਅੱਗੇ ਆਏ ਅਤੇ ਪ੍ਰਸ਼ੰਸਕਾਂ ਨਾਲ ਜਿੱਤ ਦਾ ਜਸ਼ਨ ਮਨਾਇਆ। ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਬੱਸ ਦੀ ਛੱਤ 'ਤੇ ਅੱਗੇ ਆਏ ਅਤੇ ਪ੍ਰਸ਼ੰਸਕਾਂ ਨੂੰ ਟਰਾਫੀ ਦਿਖਾਉਂਦੇ ਹੋਏ ਖੁਸ਼ੀ ਨਾਲ ਝੂਮਣ ਲੱਗੇ।
ਇਸ ਤੋਂ ਇਲਾਵਾ ਸ਼ਾਮ ਨੂੰ ਮਰੀਨ ਡਰਾਈਵ 'ਤੇ 3 ਲੱਖ ਤੋਂ ਵੱਧ ਪ੍ਰਸ਼ੰਸਕ ਆਪਣੇ ਕ੍ਰਿਕਟਰਾਂ ਦਾ ਸਵਾਗਤ ਕਰਨ ਲਈ ਮੌਜੂਦ ਸਨ। ਮੀਂਹ ਦੇ ਬਾਵਜੂਦ 3 ਕਿਲੋਮੀਟਰ ਲੰਬੀ ਸੜਕ 'ਤੇ ਸਿਰਫ਼ ਸਿਰ ਹੀ ਨਜ਼ਰ ਆ ਰਹੇ ਸਨ, ਓਥੇ ਪੈਰ ਰੱਖਣ ਲਈ ਵੀ ਜਗ੍ਹਾ ਨਹੀਂ ਸੀ। ਅਜਿਹੇ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਪੁਲਸ ਕਮਿਸ਼ਨਰ ਨਾਲ ਗੱਲ ਕਰਕੇ ਸੁਰੱਖਿਆ ਵਧਾਉਣੀ ਪਈ।
ਜ਼ਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ ਸੀ। ਇਸ ਤਰ੍ਹਾਂ ਭਾਰਤੀ ਟੀਮ ਇਸ ਫਾਰਮੈਟ ਵਿੱਚ ਦੂਜੀ ਵਾਰ ਚੈਂਪੀਅਨ ਬਣੀ। ਭਾਰਤ ਨੇ 29 ਜੂਨ ਨੂੰ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਰੋਮਾਂਚਕ ਅੰਦਾਜ਼ ਨਾਲ ਹਰਾਇਆ ਸੀ। ਬ੍ਰਿਜਟਾਊਨ (ਬਾਰਬਾਡੋਸ) ਦੇ ਕੇਨਸਿੰਗਟਨ ਓਵਲ ਸਟੇਡੀਅਮ ਵਿੱਚ ਇਸ ਜਿੱਤ ਨਾਲ ਭਾਰਤ ਨੇ 17 ਸਾਲਾਂ ਬਾਅਦ ਟੀ-20 ਵਿਸ਼ਵ ਕੱਪ ਜਿੱਤਿਆ ਸੀ।