
ਈਸ਼ਾਨ ਕਿਸ਼ਨ ਅਤੇ ਹਾਰਦਿਕ ਪੰਡਯਾ ਨੂੰ ਛੱਡ ਕੇ ਬਾਕੀ ਸਾਰੇ ਬੱਲੇਬਾਜ਼ ਪਾਕਿਸਤਾਨ ਖਿਲਾਫ਼ ਅਸਫ਼ਲ ਰਹੇ।
ਨਵੀਂ ਦਿੱਲੀ - ਏਸ਼ੀਆ ਕੱਪ ਦਾ ਪੰਜਵਾਂ ਮੈਚ ਭਾਰਤ ਅਤੇ ਨੇਪਾਲ ਵਿਚਾਲੇ ਕੈਂਡੀ ਦੇ ਪੱਲੇਕਲ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਗਰੁੱਪ-ਏ ਵਿਚ ਇਹ ਮੈਚ ਭਾਰਤ ਲਈ ਕਰੋ ਜਾਂ ਮਰੋ ਵਾਲਾ ਹੈ। ਉਸ ਨੂੰ ਆਪਣੇ ਪਹਿਲੇ ਮੈਚ ਵਿਚ ਪਾਕਿਸਤਾਨ ਖ਼ਿਲਾਫ਼ ਇੱਕ ਅੰਕ ਨਾਲ ਸਬਰ ਕਰਨਾ ਪਿਆ ਸੀ। ਕੈਂਡੀ 'ਚ ਮੀਂਹ ਕਾਰਨ ਪਾਕਿਸਤਾਨ ਦੀ ਪਾਰੀ ਪੂਰੀ ਨਹੀਂ ਹੋ ਸਕੀ। ਮੈਚ ਰੱਦ ਕਰਾਰ ਦਿੱਤਾ ਗਿਆ। ਇਸ ਕਾਰਨ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਪਾਕਿਸਤਾਨ ਦੀ ਟੀਮ ਦੋ ਮੈਚਾਂ ਵਿਚ ਤਿੰਨ ਅੰਕ ਲੈ ਕੇ ਸੁਪਰ-4 ਵਿਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਸੰਤੁਲਨ ਵਿਚ ਲਟਕ ਗਈ।
ਈਸ਼ਾਨ ਕਿਸ਼ਨ ਅਤੇ ਹਾਰਦਿਕ ਪੰਡਯਾ ਨੂੰ ਛੱਡ ਕੇ ਬਾਕੀ ਸਾਰੇ ਬੱਲੇਬਾਜ਼ ਪਾਕਿਸਤਾਨ ਖਿਲਾਫ਼ ਅਸਫ਼ਲ ਰਹੇ। ਟੀਮ ਇੰਡੀਆ ਦੀ ਨਜ਼ਰ ਨੇਪਾਲ ਖਿਲਾਫ਼ ਜ਼ਬਰਦਸਤ ਵਾਪਸੀ ਕਰਨ 'ਤੇ ਹੈ। ਪਾਕਿਸਤਾਨ ਨੇ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਨੇਪਾਲ ਨੂੰ 238 ਦੌੜਾਂ ਨਾਲ ਹਰਾਇਆ ਸੀ। ਅਜਿਹੇ 'ਚ ਉਸ ਲਈ ਭਾਰਤ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੋਵੇਗਾ। ਹਾਲਾਂਕਿ ਇਸ ਮੈਚ ਤੋਂ ਪਹਿਲਾਂ ਪ੍ਰਸ਼ੰਸਕਾਂ ਲਈ ਕੋਈ ਚੰਗੀ ਖਬਰ ਨਹੀਂ ਹੈ। ਇੱਕ ਵਾਰ ਫਿਰ ਮੀਂਹ ਟੀਮ ਇੰਡੀਆ ਦੇ ਮੈਚ ਨੂੰ ਖ਼ਰਾਬ ਕਰ ਸਕਦਾ ਹੈ।