ਮਾਲਾ ਅਸ਼ੋਕ ਅੰਕੋਲਾ (77) ਦੀ ਲਾਸ਼ ਅਪਣੇ ਫਲੈਟ ’ਚ ਮਿਲੀ
ਪੁਣੇ : ਸਾਬਕਾ ਕ੍ਰਿਕਟਰ ਸਲਿਲ ਅੰਕੋਲਾ ਦੀ ਮਾਂ ਸ਼ੁਕਰਵਾਰ ਨੂੰ ਪੁਣੇ ’ਚ ਅਪਣੇ ਫਲੈਟ ’ਚ ਮ੍ਰਿਤਕ ਮਿਲੀ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਪਹਿਲੀ ਨਜ਼ਰ ’ਚ ਇਹ ਖੁਦ ਨੂੰ ਸੱਟ ਪਹੁੰਚਾਏ ਜਾਣ ਦਾ ਮਾਮਲਾ ਜਾਪਦਾ ਹੈ।
ਅਧਿਕਾਰੀ ਨੇ ਦਸਿਆ ਕਿ ਮਾਲਾ ਅਸ਼ੋਕ ਅੰਕੋਲਾ (77) ਦੀ ਲਾਸ਼ ਦੁਪਹਿਰ ਵੇਲੇ ਡੈਕਨ ਜਿਮਖਾਨਾ ਦੇ ਪ੍ਰਭਾਤ ਰੋਡ ’ਤੇ ਅਪਣੇ ਫਲੈਟ ’ਚ ਮਿਲੀ। ਉਨ੍ਹਾਂ ਕਿਹਾ, ‘‘ਜਦੋਂ ਉਨ੍ਹਾਂ ਦੀ ਨੌਕਰਾਣੀ ਫਲੈਟ ’ਤੇ ਆਈ ਅਤੇ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਉਸ ਨੇ ਅਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਅਤੇ ਘਟਨਾ ਬਾਰੇ ਪਤਾ ਲੱਗਾ।’’
ਪੁਲਿਸ ਡਿਪਟੀ ਕਮਿਸ਼ਨਰ (ਜ਼ੋਨ-1) ਸੰਦੀਪ ਸਿੰਘ ਗਿੱਲ ਨੇ ਦਸਿਆ, ‘‘ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਔਰਤ ਦੀ ਲਾਸ਼ ਮਿਲੀ ਅਤੇ ਉਸ ਦਾ ਗਲਾ ਕੱਟਿਆ ਹੋਇਆ ਸੀ। ਪਹਿਲੀ ਨਜ਼ਰ ’ਚ ਅਜਿਹਾ ਲਗਦਾ ਹੈ ਕਿ ਸੱਟ ਖ਼ੁਦ ਪਹੁੰਚਾਈ ਗਈ ਸੀ। ਹਾਲਾਂਕਿ, ਅਸੀਂ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ।’’
ਗਿੱਲ ਨੇ ਕਿਹਾ ਕਿ ਉਹ ਕਿਸੇ ਮਾਨਸਿਕ ਸਮੱਸਿਆ ਤੋਂ ਪੀੜਤ ਸੀ। ਸਲਿਲ ਅੰਕੋਲਾ ਨੇ 1989 ਤੋਂ 1997 ਦਰਮਿਆਨ ਇਕ ਟੈਸਟ ਮੈਚ ਅਤੇ 20 ਵਨਡੇ ਮੈਚ ਖੇਡੇ ਹਨ। ਅੰਕੋਲਾ, ਇਕ ਦਰਮਿਆਨੇ ਤੇਜ਼ ਗੇਂਦਬਾਜ਼ ਵੀ ਸਨ। ਬਾਅਦ ’ਚ ਉਨ੍ਹਾਂ ਨੇ ਕਈ ਫਿਲਮਾਂ ਅਤੇ ਟੀ.ਵੀ. ਲੜੀਵਾਰਾਂ ’ਚ ਵੀ ਕੰਮ ਕੀਤਾ।